22-06-2016-2ਅੰਮ੍ਰਿਤਸਰ 22 ਜੂਨ- ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਬੁੱਧੀਜੀਵੀਆਂ ਦੀਆਂ ਵੱਖ-ਵੱਖ ਮੀਟਿੰਗਾਂ ਤੋਂ ਬਾਅਦ ਨਿਰੰਤਰ ਪਹੁੰਚ ਅਪਣਾਉਂਦਿਆਂ ਇਸ ਸਬੰਧ ਵਿੱਚ ਬਣਾਈ ਗਈ ਦਸਤਾਵੇਜ ਸਬ-ਕਮੇਟੀ ਦੀ ਇਕੱਤਰਤਾ ਕੀਤੀ ਗਈ।ਇਸ ਵਿਸ਼ੇਸ਼ ਇਕੱਤਰਤਾ ਵਿੱਚ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਵੰਤ ਸਿੰਘ ਢਿੱਲੋਂ, ਪ੍ਰੋ. ਬਲਕਾਰ ਸਿੰਘ, ਡਾ. ਧਰਮ ਸਿੰਘ ਪਟਿਆਲਾ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ (ਕੋ-ਆਰਡੀਨੇਟਰ) ਸ਼ਾਮਲ ਹੋਏ।
ਸਿੱਖ ਪਛਾਣ ਸਬੰਧੀ ਵਿਦੇਸ਼ਾਂ ਅੰਦਰ ਪਾਏ ਜਾਂਦੇ ਭੁਲੇਖਿਆਂ ਅਤੇ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਦੇ ਹੱਲ ਸਬੰਧੀ ਲਗਾਤਾਰ ਪੰਜ ਘੰਟੇ ਚੱਲੀ ਇਸ ਇਕੱਤਰਤਾ ਵਿੱਚ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਵੱਲੋਂ ਤਿਆਰ ਕੀਤੇ ਗਏ ਦਸਤਾਵੇਜ ਦੇ ਹਰ ਪਹਿਲੂ ‘ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ।ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਦਸਤਾਵੇਜ ਦਾ ਖੁਲਾਸਾ ਕਰਦਿਆਂ ਕਿਹਾ ਸਿੱਖਾਂ ਦੀ ਵਿਰਾਸਤੀ ਅਮੀਰੀ ਇਨ੍ਹਾਂ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਵਿਰਾਸਤੀ ਕੀਮਤਾਂ ਕਾਰਨ ਸਿੱਖ ਅੱਜ ਦੁਨੀਆ ਦੇ ਹਰੇਕ ਕੋਨੇ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਈ ਬੈਠੇ ਹਨ।ਪ੍ਰੋ. ਕਪੂਰ ਨੇ ਕਿਹਾ ਕਿ ਸਮੁੱਚੇ ਵਿਸ਼ਵ ਵਿੱਚ ਵੱਖ-ਵੱਖ ਦੇਸ਼ਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਰਬੱਤ ਦਾ ਭਲਾ ਚਾਹੁੰਣ ਵਾਲੇ ਸਿੱਖਾਂ ਨੂੰ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਪੇਸ਼ ਕੀਤੇ ਦਸਤਾਵੇਜ ਦੇ ਮੁੱਖ ਅੰਸ਼ ਸਾਂਝੇ ਕਰਦਿਆਂ ਕਿਹਾ ਕਿ ਇਸ ਵਿੱਚ ਸਿੱਖਾਂ ਦੇ ਇਤਿਹਾਸਿਕ ਪਿਛੋਕੜ, ਪ੍ਰਾਪਤੀਆਂ, ਵਿਦੇਸ਼ਾਂ ਨਾਲ ਜੁੜੇ ਸਰੋਕਾਰ, ਵਿਦੇਸ਼ਾਂ ਅੰਦਰ ਸਿੱਖਾਂ ਦੀ ਅਜੋਕੀ ਸਥਿਤੀ, ਵਿਚਾਰਧਾਰਕ ਅਮੀਰੀ, ਧਾਰਮਿਕ ਵਿਲੱਖਣਤਾ, ਬੋਲੀ, ਮਿਹਨਤੀ ਸੁਭਾਅ ਅਤੇ ਦੂਸਰਿਆਂ ਨਾਲ ਭਰਾਤਰੀ ਸਾਂਝ ਆਦਿ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ ਅਤੇ ਕੁਝ ਸਬੰਧਤ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਦੇਸ਼ਾਂ ਵਿੱਚ ਅੰਬੈਸਡਰਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤਾ ਗਿਆ ਇੱਕ ਪੱਤਰ ਵੀ ਸਾਂਝਾ ਕੀਤਾ।ਉਨ੍ਹਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਦਸਤਾਵੇਜ ਤੇ ਪੱਤਰ ਦੀਆਂ ਕਾਪੀਆਂ ਤਕਸੀਮ ਕਰਦਿਆਂ ਇਸ ਵਿੱਚ ਲੋੜੀਂਦੇ ਵਾਧੇ-ਘਾਟੇ ਕਰਨ ਅਤੇ ਰਾਏ ਦੇਣ ਲਈ ਵੀ ਕਿਹਾ।
ਡਾ. ਬਲਵੰਤ ਸਿੰਘ ਢਿੱਲੋਂ ਤੇ ਪ੍ਰੋ. ਬਲਕਾਰ ਸਿੰਘ ਨੇ ਦਸਤਾਵੇਜ ਤਿਆਰ ਕਰਨ ਲਈ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੇ ਯਤਨ ਨੂੰ ਪ੍ਰਸੰਸਾਯੋਗ ਦੱਸਿਆ ਅਤੇ ਇਸ ਮਸਲੇ ‘ਤੇ ਇਮਾਨਦਾਰਾਨਾ ਪਹੁੰਚ ਅਪਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਸ਼ਲਾਘਾ ਕੀਤੀ।ਇਕੱਤਰਤਾ ਵਿੱਚ ਪੇਸ਼ ਦਸਤਾਵੇਜ ਨੂੰ ਮੁਕੰਮਲ ਰੂਪ ਦੇਣ ਲਈ ਘੋਖ ਕੇ ਅਗਲੀ ਇਕੱਤਰਤਾ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਸ. ਸੁਖਵਿੰਦਰ ਸਿੰਘ ਗਰੇਵਾਲ, ਸ. ਰਣਜੀਤ ਸਿੰਘ ਖਾਲਸਾ, ਸ. ਅਰਵਿੰਦਰ ਸਿੰਘ ਸਾਸਨ ਤੇ ਸ. ਹਰਭਜਨ ਸਿੰਘ ਵਕਤਾ ਆਦਿ ਹਾਜ਼ਰ ਸਨ।