logoਅੰਮ੍ਰਿਤਸਰ : 26 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੋਂ ਬਾਹਰ ਜਾਣ ਵਾਲੇ ਸਿੱਖ ਨੌਜਵਾਨਾਂ ਵੱਲੋਂ ਧਰਮ ਤਬਦੀਲ ਕਰਨ ਸਬੰਧੀ ਚਿੰਤਾ ਜਾਹਿਰ ਕੀਤੀ ਹੈ।ਉਨ੍ਹਾਂ ਕਿਹਾ ਕਿ ਕੁਝ ਪੰਥਕ ਚਿੰਤਕਾਂ ਵੱਲੋਂ ਸਾਡੇ ਪਾਸ ਸ਼ਿਕਾਇਤਾਂ ਪੁੱਜੀਆਂ ਹਨ ਕਿ ਪੰਜਾਬ ਦੇ ਕੁਝ ਸਿੱਖ ਨੌਜਵਾਨ ਜੋ ਮਲੇਸ਼ੀਆ ਆਦਿ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਂ ਰੋਜ਼ਗਾਰ ਲੈਣ ਲਈ ਜਾਂਦੇ ਹਨ, ਉਹ ਉਥੋਂ ਦੀ ਨਾਗਰਿਕਤਾ ਹਾਸਿਲ ਕਰਨ ਲਈ ਆਪਣਾ ਧਰਮ ਤਬਦੀਲ ਕਰ ਲੈਂਦੇ ਹਨ ਜੋ ਬਹੁਤ ਹੀ ਦੁੱਖਦਾਈ ਪਹਿਲੂ ਹੈ।

ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਧਰਮ ਦਾ ਸ਼ਾਨਾਮਤਾ ਅਤੇ ਅਮੀਰ ਇਤਿਹਾਸ ਹੈ ਜੋ ਆਪਣੇ ਆਪ ਵਿੱਚ ਵਿਲੱਖਣ ਹੈ ਅਤੇ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੌਜਵਾਨਾ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਉਨ੍ਹਾਂ ਦੇ ਛੋਟੇ-ਛੋਟੇ ਲਾਲਾਂ ਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਤੱਤੀਆਂ ਤਵੀਆਂ ਤੇ ਬੈਠ ਗਏ, ਖੋਪਰ ਲੁਹਾ ਲਏ, ਬੰਦ ਬੰਦ ਕਟਵਾ ਗਏ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਵਾਏ ਗਏ ਤੇ ਨੀਹਾਂ ਵਿੱਚ ਚਿਣਵਾ ਦਿੱਤੇ ਗਏ, ਪਰ ਕਿਸੇ ਲਾਲਚ ਵੱਸ ਡੋਲੇ ਨਹੀਂ ਤੇ ਸਿੱਖੀ ਦੀ ਇਕ ਲਾਜਵਾਬ ਮਿਸਾਲ ਕਾਇਮ ਕਰ ਗਏ।ਜਥੇਦਾਰ ਅਵਤਾਰ ਸਿੰਘ ਨੇ ਬਾਹਰ ਜਾਣ ਵਾਲੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਹਨ ਉਹ ਆਪਣੇ ਸਿੱਖੀ ਸਰੂਪ ਨੂੰ ਉਸ ਦੇਸ਼ ਦੀ ਨਾਗਰਿਕਤਾ ਲੈਣ ਦੀ ਖਾਤਿਰ ਵਿਗਾੜ ਕੇ ਆਪਣੇ ਧਰਮ ਵੱਲ ਪਿੱਠ ਨਾ ਕਰਨ, ਬਲਕਿ ਉਨ੍ਹਾਂ ਲੋਕਾਂ ਦੀ ਮਿਸਾਲ ਕਾਇਮ ਕਰਨ ਜਿਨ੍ਹਾਂ ਵਿਦੇਸ਼ਾਂ ਵਿੱਚ ਜਾ ਕੇ ਸਿੱਖ ਕੌਮ ਦਾ ਇਤਿਹਾਸ ਸਿਰਜਿਆ ਅਤੇ ਕੌਮ ਦਾ ਗੌਰਵ ਸਾਬਤ ਹੋਏ ਹਨ।ਉਨ੍ਹਾਂ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇਹ ਵੀ ਕਿਹਾ ਹੈ ਕਿ ਗੁਰੂ-ਘਰਾਂ ਨਾਲ ਜੁੜੇ ਰਹਿਣ ਜਿਥੋਂ ਸਿੱਖੀ ਦਾ ਉਪਦੇਸ਼ ਚਸ਼ਮਾ ਫੁੱਟਦਾ ਹੋਵੇ।