ਅੰਮ੍ਰਿਤਸਰ : 6 ਸਤੰਬਰ (   ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਉੱਘੇ ਸਿੱਖ ਆਗੂ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਵਡਭਾਗ ਸਿੰਘ ਵਰਗੇ ਵਿਵਾਦਿਤ ਮਸਲਿਆਂ ਨੂੰ ਅਖਬਾਰਾਂ ‘ਚ ਉਛਾਲਣ ਦੀ ਬਜਾਏ ਸਿੱਖ ਪੰਥ ਨਾਲ ਮਿਲ ਬੈਠ ਕੇ ਵਿਚਾਰਨ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ਾਂ ਤੋਂ ਬਹੁਤ ਸਾਰੇ ਪੰਥ ਦਰਦੀਆਂ ਦੇ ਲਗਾਤਾਰ ਫੋਨ ਆ ਰਹੇ ਹਨ ਕਿ ਵਡਭਾਗ ਸਿੰਘ ਦਾ ਜਨਮ ਦਿਹਾੜਾ ਸਿੱਖ ਪੰਥ ਕਿਵੇਂ ਮਨਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਕੋਨੇ-ਕੋਨੇ ‘ਚ ਵੱਸਦੇ ਸਿੱਖ ਪੰਥ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜੇਕਰ ਵਡਭਾਗ ਸਿੰਘ ਨੇ ਅੰਮ੍ਰਿਤ ਛਕ ਲਿਆ ਸੀ ਤਾਂ ਫਿਰ ਪੰਥਕ ਮਰਯਾਦਾ ਸਬੰਧੀ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਫੈਂਸਲੇ ਲਏ ਜਾਂਦੇ ਹਨ ਅਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ, ਵੰਡੀ ਤੇ ਪ੍ਰਚਾਰੀ ਜਾਂਦੀ ‘ਸਿੱਖ ਰਹਿਤ ਮਰਯਾਦਾ’ ਮੁਤਾਬਿਕ ਧੀਰ ਮਲੀਏ ਤੇ ਰਾਮ ਰਾਈਏ ਨੂੰ ਮਿਲਣਾ ਵਰਤਣਾ ਮਨ੍ਹਾ ਕਿਉਂ ਹੈ ! ਉਨ੍ਹਾਂ ਕਿਹਾ ਕਿ ਵਡਭਾਗ ਸਿੰਘ ਬਹੁਤ ਸਮਾਂ ਪਹਿਲਾਂ ਹੋਇਆ ਹੈ, ਪ੍ਰੰਤੂ ਸਿੱਖ ਰਹੇਤ ਮਰਯਾਦਾ ੧੯੩੬  ‘ਚ ਬਹੁਤ ਲੰਮੀ ਵਿਚਾਰ ਉਪਰੰਤ ਬਣੀ ਸੀ। ਜੇਕਰ ਵਡਭਾਗ ਸਿੰਘ ਨੇ ਅੰਮ੍ਰਿਤ ਛਕ ਲਿਆ ਸੀ ਤਾਂ ਫਿਰ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ ੩੧ ਭਾਗ (ਠ) ੧ ਪੁਰ ਅੰਕਿਤ ਅਨੁਸਾਰ ਧੀਰ ਮਲੀਏ, ਰਾਮਰਾਈਏ ਆਦਿਕ ਪੰਥਕ ਵਿਰੋਧੀਆਂ ਨਾਲ ਨਾ ਮਿਲਵਰਤਣ ਬਾਰੇ ਦਸਮੇਸ਼ ਪਿਤਾ ਵੱਲੋਂ ਸਾਜੇ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਛਕਾ ਕੇ ਹੁਕਮ ਕੀਤਾ ਜਾਂਦਾ ਹੈ। ਕੀ ਉਹ ਹੁਕਮ ਠੀਕ ਨਹੀਂ ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਅਤਿ ਸਤਿਕਾਰਤ ਅਤੇ ਸਮੁੱਚੇ ਸਿੱਖ ਪੰਥ ਨੂੰ ਹੁਕਮ ਦੇਣ ਵਾਲੀ ਹੈ ਇਸ ਲਈ ਮੇਰੀ ਜਥੇਦਾਰ ਸਾਹਿਬ ਨੂੰ ਅਪੀਲ ਹੈ ਕਿ ਉਹ ਅਜਿਹੇ ਵਿਵਾਦਿਤ ਮਸਲਿਆਂ ਸਬੰਧੀ ਅਖਬਾਰਾਂ ਰਾਹੀਂ ਚਰਚਾ ਕਰਨ ਦੀ ਬਜਾਏ ਸਿੱਖ ਪੰਥ ਨਾਲ ਮਿਲ ਬੈਠ ਕੇ ਵਿਚਾਰ ਕਰਨ।