Global punjabiਅੰਮ੍ਰਿਤਸਰ : ੬ ਅਕਤੂਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਤੇ ਭਵਿੱਖ ਦੀ ਚਿੰਤਾ ਕਰਦਿਆਂ ਗਲੋਬਲ ਪੱਧਰੀ ਚਰਚਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ੨੩ ਤੇ ੨੪ ਅਕਤੂਬਰ ਨੂੰ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿਚ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਦੇ ਸਥਾਨ ਤੇ ਚਰਚਾ ਦੇ ਨਾਲ-ਨਾਲ ਪੰਜਾਬੀ ਗਲੋਬਲੀ ਪਾਸਾਰ ਅਤੇ ਦਰਪੇਸ਼ ਚਣੌਤੀਆਂ ਨੂੰ ਵੀ ਵਿਚਾਰ ਚਰਚਾ ਦਾ ਕੇਂਦਰ ਬਿੰਦੂ ਬਣਾਇਆ ਜਾਵੇਗਾ। ਇਸੇ ਸਬੰਧ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਪ੍ਰਧਾਨਗੀ ਹੇਠ ਸਬ-ਕਮੇਟੀ ਦੇ ਨੁਮਾਇੰਦਿਆਂ ਦੀ ਇਕੱਤਰਤਾ ਹੋਈ। ਜਿਸ ਵਿੱਚ ਪ੍ਰਿੰਸੀਪਲ ਡਾ: ਐਸ ਐਸ ਲਾਂਬਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਡਾ: ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਡਾ: ਧਰਮਿੰਦਰ ਸਿੰਘ ਉੱਭਾ ਡਾਇਰੈਕਟਰ, ਡਾਇਰੈਕਟੋਰੇਟ ਅੇਜੂਕੇਸ਼ਨ ਸ਼੍ਰੋਮਣੀ ਕਮੇਟੀ, ਡਾ: ਪ੍ਰਿਤਪਾਲ ਸਿੰਘ, ਡਾ: ਅਨੁਰਾਗ ਸਿੰਘ, ਡਾ: ਕਵਲਜੀਤ ਸਿੰਘ, ਡਾ: ਜਗਬੀਰ ਸਿੰਘ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ੍ਰ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ: ਜਗਜੀਤ ਸਿੰਘ ਮੀਤ ਸਕੱਤਰ, ਸ੍ਰ: ਮਨਪ੍ਰੀਤ ਸਿੰਘ ਅੇਕਸੀਅਨ, ਸ੍ਰ: ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰ: ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਆਦਿ ਸ਼ਾਮਲ ਸਨ।
ਇਕੱਤਰਤਾ ਦੇ ਮਨੋਰਥ ਬਾਰੇ ਜਾਣਕਾਰੀ ਦੇਂਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮਾਂ-ਬੋਲੀ ਮਨੁਖ ਦੇ ਜੀਵਨ ਦਾ ਮਹੱਤਵਪੂਰਨ ਅੰਗ ਹੈ ਜੋ ਉਸਦੀ ਨਿੱਜੀ ਅਤੇ ਸਭਿਆਚਾਰਕ ਵਿਰਾਸਤ ਨੂੰ ਅਗਾਂਹ ਤੋਰਦੀ ਹੈ। ਇਸ ਦੇ ਨਾਲ ਹੀ ਮਾਂ-ਬੋਲੀ ਕਿਸੇ ਕੌਮ ਅਤੇ ਸਮਾਜ ਦੀ ਵਿਲੱਖਣਤਾ, ਸਥਿਰਤਾ ਅਤੇ ਗਹਿਰਾਈ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਕੌਮ ਨੇ ਆਪਣੀ ਮਾਂ-ਬੋਲੀ ਦੀ ਵਡਿਆਈ ਅਤੇ ਮਹੱਤਤਾ ਨੂੰ ਸਮਝਿਆ ਹੈ, ਉਸਦੀ ਹੋਂਦ ਚਿਰ ਸਦੀਵ ਬਣੀ ਰਹੀ ਹੈ। ਸ੍ਰ: ਬੇਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਮਾਜਿਕ, ਸਭਿਆਚਾਰਕ ਸਬੰਧ ਦਾ ਮੁੱਢ ਹੋਣ ਦੇ ਨਾਲ ਹੀ ਆਤਮਿਕ ਵਿਕਾਸ ਦਾ ਜ਼ਰੀਆ ਵੀ ਹੈ। ਪੰਜਾਬੀ ਦੇ ਅਖੱਰ ਗਿਆਨ ਤੋਂ ਬਿਨਾਂ ਅਸੀਂ ਗੁਰਬਾਣੀ ਦੇ ਗਿਆਨ ਭੰਡਾਰ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੇ ਪ੍ਰਬੰਧਕੀ ਨੁਕਤੇ ਨਿਗਾਹ ਤੋਂ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਬੰਧਾਂ ਬਾਰੇ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਡਾ: ਰੂਪ ਸਿੰਘ ਵੱਲੋਂ ਲਗਾ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੀ ਅੰਤਿਮ ਤੇ ਵਿਸਥਾਰ ਤਫਸਰਾ ੧੩ ਤਾਰੀਖ ਨੂੰ ਮੁੜ ਸੱਦੀ ਗਈ ਇਕੱਤਰਤਾ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹਿਮਾਨਾ ਦੀ ਆਓ ਭਗਤ ਅਤੇ ਰਿਹਾਇਸ਼ ਆਦਿ ਲਈ ਵਿਸ਼ੇਸ਼ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਆਡੀਟੋਰੀਅਮ ਵਿੱਚ ਹੋਣ ਵਾਲੇ ਇਸ ਸਮਾਗਮ ਦੀ ਅੰਤਿਮ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਚਿੱਤਰ ਪ੍ਰਦਰਸ਼ਨੀ ਅਤੇ ਵੱਖ-ਵੱਖ ਯੂਨੀਵਰਸਿਟੀਆਂ ਤੇ ਪਬਲੀਸ਼ਰਾਂ ਵੱਲੋਂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੇ ਸਮੁੱਚੇ ਪ੍ਰਬੰਧਾਂ ਅਤੇ ਬਾਹਰੋਂ ਆਉਣ ਵਾਲੇ ਡੈਲੀਗੇਟਾਂ, ਵਿਦਵਾਨਾ, ਕਲਾਕਾਰਾਂ ਦੇ ਸਵਾਗਤ ਲਈ ਵੀ ਵੱਖ-ਵੱਖ ਅਧਿਕਾਰੀਆਂ ਨੂੰ ਸੇਵਾ ਸੌਂਪੀ ਗਈ ਹੈ।
ਸ੍ਰ: ਬੇਦੀ ਨੇ ਦੱਸਿਆ ਕਿ ੨੪ ਅਕਤੂਬਰ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਭਾਈ ਗੁਰਮਤਿ ਸਿੰਘ ਸ਼ਾਂਤ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ। ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਬਦ ਵਿਚਾਰ ਕਰਨਗੇ। ਡਾ: ਗੁਰਨਾਮ ਸਿੰਘ ਮੁਖੀ ਅਤੇ ਡੀਨ ਸੰਗੀਤ ਵਿਭਾਗ ਪੰਜਾਬੀ ਯੁਨੀਵਰਸਿਟੀ ਪਟਿਆਲਾ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਤੰਤੀ ਸਾਜਾਂ ਨਾਲ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜਟ, ਸ੍ਰ: ਬਿਕਰਮਜੀਤ ਸਿੰਘ ਧਰਮ ਪ੍ਰਚਾਰ ਕਮੇਟੀ, ਸ੍ਰ: ਜਤਿੰਦਰ ਸਿੰਘ ਸ਼੍ਰੋਮਣੀ ਕਮੇਟੀ ਆਦਿ ਹਾਜ਼ਰ ਸਨ।