ਅੰਮ੍ਰਿਤਸਰ : 28 ਮਈ (        ) ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ੨੬-੨੭ ਜੂਨ ਨੂੰ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਕੀਤਾ। ਸ੍ਰ: ਬੇਦੀ ਨੇ ਦੱਸਿਆ ਕਿ ਇਹ ਪਹਿਲਾ ਪੰਜਾਬੀ ਭਾਸ਼ਾ ਸਬੰਧੀ ਸੰਮੇਲਨ ਹੈ ਜੋ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿਖੇ ਰੱਖਿਆ ਗਿਆ ਸੀ ਪਰ ਕੁਝ ਕਾਰਨਾਂ ਵੱਸ ਮੁਲਤਵੀ ਕਰਨਾ ਪੈ ਗਿਆ ਸੀ।
ਸ੍ਰ: ਬੇਦੀ ਨੇ ਦੱਸਿਆ ਕਿ ਹੁਣ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਆਦੇਸ਼ਾਂ ਅਨੁੰਸਾਰ ਇਹ ਸੰਮੇਲਨ ੨੬,੨੭ ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ ਦੇ ਆਡੀਟੋਰੀਅਮ ਵਿੱਚ ਹੋਵੇਗਾ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਭਾਸ਼ਾ ਦੇ ਵਿਗਿਆਨੀ ਤੇ ਸ਼ੁਭਚਿੰਤਕ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ  ਇਹ ਸੰਮੇਲਨ ਲੰਮਾ ਸਮਾਂ ਪੰਜਾਬੀ ਭਾਸ਼ਾ ਦੇ ਪਿਆਰਿਆਂ ਦੇ ਦਿਲਾਂ ਵਿੱਚ ਵਸਦਾ ਰਹੇਗਾ। ਸ੍ਰ: ਬੇਦੀ ਨੇ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਤੋਂ ਜਨਾਬ ਫਖਰ ਜਮਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਲੇਖਕ ਇਸ ਸੰਮੇਲਨ ਵਿੱਚ ਭਾਗ ਲੈਣਗੇ। ਏਸੇ ਤਰ੍ਹਾਂ ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਆਸਟ੍ਰੈਲੀਆ ਆਦਿ ਦੇਸ਼ਾਂ ਤੋਂ ਵੀ ਡੈਲੀਗੇਟ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੀ ਲੇਖਕ ਪੁੱਜਣਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਕਰਮਭੂਮੀ ਡਾ: ਅਨੁਰਾਗ ਸਿੰਘ ਤੇ ਡਾ: ਪਰਮਜੀਤ ਸਿੰਘ ਸਰੋਆ ਤਿਆਰ ਕਰ ਰਹੇ ਹਨ। ਏਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਸ ਸੰਮੇਲਨ ਨੂੰ ਸਫ਼ਲ ਬਨਾਉਣ ਵਿੱਚ ਮੁਕੰਮਲ ਰੂਪ ਵਿੱਚ ਆਪਣਾ ਫ਼ਰਜ਼ ਅਦਾ ਕਰਨਗੇ। ਉਨ੍ਹਾਂ ਕਿਹਾ ਕਿ  ਅਜਿਹਾ ਮਹੱਤਵਪੂਰਨ ਕਾਰਜ ਕੋਈ ਇੱਕ ਵਿਅਕਤੀ ਜਾਂ ਕੋਈ ਇਕੱਲੀ ਸੰਸਥਾ ਨਹੀਂ ਕਰ ਸਕਦੀ ਬਲਕਿ ਇਸ ਲਈ ਸਮੂਹਿਕ ਕੌਮੀ ਭਾਵਨਾ ਦਾ ਬਨਣਾ ਬਹੁਤ ਜ਼ਰੂਰੀ ਹੈ। ਇਸੇ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਰਹਿਨੁਮਾਈ ਹੇਠ ਇਸ ਸੰਮੇਲਨ ਵਿੱਚ ਵਿਚਾਰ ਚਰਚਾ ਕਰਨ ਲਈ ਸਮੁੱਚੇ ਸੰਸਾਰ ਤੋਂ ਪੰਜਾਬੀ ਭਾਸ਼ਾ ਦੇ ਮਾਹਿਰਾਂ ਨੂੰ ਇਸ ਦਾ ਚਿੰਤਨ ਕਰਨ ਲਈ ਸੱਦਾ ਦਿੱਤਾ ਗਿਆ ਹੈ।