ਸੰਮੇਲਨ ਦੌਰਾਨ ਪੜ੍ਹੇ ਜਾਣ ਵਾਲੇ ਖੋਜ-ਪੱਤਰਾਂ ਨੂੰ ਅੰਤਿਮ ਛੋਹਾਂ

DSC_6610ਅੰਮ੍ਰਿਤਸਰ : 15 ਅਕਤੂਬਰ (       ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਜੋ ੨੩-੨੪ ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਸਬੰਧੀ ਇਕ ਵਿਸ਼ੇਸ਼ ਇਕੱਤਰਤਾ ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਧਾਨਗੀ ਹੇਠ ਕਾਲਜ ਦੇ ਭਾਈ ਗੁਰਦਾਸ ਹਾਲ ਵਿਖੇ ਹੋਈ।ਜਿਸ ਵਿੱਚ ਸੰਮੇਲਨ ਨੂੰ ਸੁਚਾਰੂ ਤੇ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਦੀਰਘ ਵਿਚਾਰਾਂ ਕੀਤੀਆਂ ਗਈਆਂ।
ਸੰਮੇਲਨ ਸਬੰਧੀ ਹੋਈ ਇਕੱਤਰਤਾ ਦੀ ਵਿਚਾਰ-ਚਰਚਾ ਦਾ ਸਾਰਅੰਸ਼ ਪੇਸ਼ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।ਇਸ ਸੰਮੇਲਨ ਵਿੱਚ ਡਾ. ਤਾਹਿਰ ਅਸਲਮ ਗੋਰਾ, ਡਾ. ਰਮਨੀ ਬੱਤਰਾ, ਡਾ. ਦਲਬੀਰ ਸਿੰਘ, ਮੈਡਮ ਹਲੀਮਾ ਸਾਦੀਆ, ਡਾ. ਗੁਰਦੇਵ ਸਿੰਘ ਸੰਘਾ, ਸ. ਅਜਾਇਬ ਸਿੰਘ ਚੱਠਾ, ਬੀਬੀ ਪਰਮਜੀਤ ਕੌਰ ਦਿਓਲ, ਸ. ਕੁਲਜੀਤ ਸਿੰਘ ਜੰਜੂਆ, ਸ. ਜਸਬੀਰ ਸਿੰਘ ਬੋਪਾਰਾਏ (ਕੈਨੇਡਾ), ਯੂ ਕੇ ਤੋਂ ਸ. ਰਣਜੀਤ ਸਿੰਘ ਰਾਣਾ, ਅਮਰੀਕਾ ਤੋਂ ਡਾ: ਨਸੀਬ ਸਿੰਘ, ਸ. ਹਰਬਖਸ਼ ਸਿੰਘ ਟਾਹਲੀ, ਸ. ਜੱਸਪ੍ਰੀਤ ਸਿੰਘ ਵਕੀਲ, ਪਾਕਿਸਤਾਨ ਤੋਂ ਜਨਾਬ ਫਖਰ ਜਮਾਨ, ਡਾ. ਮੁਜਾਹਿਦਾ, ਚੌਧਰੀ ਮੁਹੰਮਾ ਅਸ਼ਰਫ, ਡਾ. ਅਮਜਦ ਅਲੀ, ਚੌਧਰੀ ਖਾਦਿਮ ਹੁਸੈਨ, ਰਾਣਾ ਮੁਹੰਮਦ ਜਾਹਿਦ, ਸ. ਮੋਤਾ ਸਿੰਘ ਸਰਾਏ, ਹਾਲੈਂਡ ਤੋਂ ਸ. ਭੂਪਿੰਦਰ ਸਿੰਘ ਅਤੇ ਵੱਖ-ਵੱਖ ਦੇਸ਼ਾਂ ਤੋਂ ਹੋਰ ਨਾਮਵਰ ਵਿਦਵਾਨ ਸ਼ਾਮਿਲ ਹੋਣਗੇ।ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੇ ੭ ਸੈਸ਼ਨ ਬਣਾਏ ਗਏ ਹਨ।ਪ੍ਰਵਾਸੀ ਭਾਰਤੀਆਂ ਨੂੰ ਇੱਕ ਵੱਖਰਾ ਸੈਸ਼ਨ ਦੇਣ ਦਾ ਫੈਂਸਲਾ ਵੀ ਕੀਤਾ ਗਿਆ ਹੈ।ਸੰਮੇਲਨ ਦੌਰਾਨ ਪੜ੍ਹੇ ਜਾਣ ਵਾਲੇ ਖੋਜ ਪੱਤਰਾਂ ਅਤੇ ਸਮੁੱਚੇ ਸੈਸ਼ਨਾ ਦੇ ਪ੍ਰਧਾਨਗੀ ਮੰਡਲ ਤੇ ਵਿਸ਼ੇਸ਼ ਮਹਿਮਾਨਾ ਦੇ ਨਾਵਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸ. ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਹੋਣਗੇ ਅਤੇ ਵੱਖ-ਵੱਖ ਸੈਸ਼ਨਾ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਸਖਸ਼ੀਅਤਾਂ ਕਰਨਗੀਆਂ।
ਸ. ਬੇਦੀ ਨੇ ਦੱਸਿਆ ਕਿ ਯੂਨੈਸਕੋ ਦੀ ਇਕ ਰੀਪੋਰਟ ਮੁਤਾਬਿਕ ਸੰਸਾਰ ਦੀਆਂ ੨੦੦੦ ਭਾਸ਼ਾਵਾਂ ਹੁਣ ਤੱਕ ਮਰ ਚੁੱਕੀਆਂ ਹਨ। ਇਸ ਸਬੰਧੀ ਪੰਜਾਬੀ ਭਾਸ਼ਾ ਦੇ ਵਿਦਵਾਨਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਆਉਣ ਵਾਲੇ ੫੦ ਸਾਲਾਂ ਤੱਕ ਪੰਜਾਬੀ ਮੂਲੋਂ ਪੱਛੜ ਜਾਵੇਗੀ।ਭਾਵੇਂ ਇਹ ਕਥਨ ਥੋੜ੍ਹੀ ਵਧਾ ਚੜ੍ਹਾ ਕੇ ਕੀਤੀ ਗੱਲ ਜਾਪਦਾ ਹੈ ਪਰ ਇਹ ਸੋਚਣ ‘ਤੇ ਮਜਬੂਰ ਵੀ ਕਰਦਾ ਹੈ ਕਿ ਮੌਜੂਦਾ ਸਮੇਂ ‘ਚ ਪੰਜਾਬੀ ਮਾਂ ਬੋਲੀ ਦੀ ਕੀ ਸਥਿਤੀ ਹੈ ਅਤੇ ਇਸ ਲਈ ਕੀ ਕੁਝ ਕਰਨਾ ਬਣਦਾ ਹੈ।ਸ. ਬੇਦੀ ਨੇ ਦੱਸਿਆ ਕਿ ਇਸੇ ਸੰਦਰਭ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪੰਜਾਬੀ ਭਾਸ਼ਾ ਸਬੰਧੀ ਅੰਤਰ-ਰਾਸ਼ਟਰੀ ਸੰਮੇਲਨ ਕਰਨ ਦਾ ਫੈਂਸਲਾ ਲਿਆ ਗਿਆ ਹੈ।ਇਸ ਸਬੰਧੀ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।ਸ. ਬੇਦੀ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿੱਚ ਡਾ: ਜਸਪਾਲ ਸਿੰਘ ਤੋਂ ਇਲਾਵਾ, ਡਾ. ਰੂਪ ਸਿੰਘ ਸਕੱਤਰ, ਡਾ. ਗੁਰਮੋਹਨ ਸਿੰਘ ਵਾਲੀਆ; ਡਾ. ਜੋਗਾ ਸਿੰਘ, ਡਾ. ਅਨੁਰਾਗ ਸਿੰਘ, ਡਾ: ਦੀਪਕ ਮਨਮੋਹਨ, ਡਾ. ਧਰਮਿੰਦਰ ਸਿੰਘ ਉੱਭਾ, ਸ. ਗੁਰਦਰਸ਼ਨ ਸਿੰਘ ਬਾਹੀਆ, ਸ. ਜਗਤਾਰ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ ਤੇ ਸ. ਬਲਵਿੰਦਰ ਸਿੰਘ ਜੌੜਾ ਸਿੰਘ ਵਧੀਕ ਸਕੱਤਰ, ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਮਨਪ੍ਰੀਤ ਸਿੰਘ ਐਕਸੀਅਨ ਆਦਿ ਹਾਜ਼ਰ ਸਨ।