ਅੰਮ੍ਰਿਤਸਰ, 10 ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਨਵਰੀ ਮਹੀਨੇ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਸ਼ਬਦ ਗੁਰੂ ਯਾਤਰਾ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ‘ਤੇ ਸੰਗਤ ਵੱਲੋਂ ਥਾਂ ਥਾਂ ਭਰਵਾਂ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਵਿਖੇ ਪ੍ਰਵੇਸ਼ ਕਰਨ ਸਮੇਂ ਸੁਲਤਾਨਵਿੰਡ ਦੇ ਬਾਹਰਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਤਲਬੀਰ ਸਿੰਘ ਗਿੱਲ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਨਰਿੰਦਰ ਸਿੰਘ, ਸ. ਨਿਸ਼ਾਨ ਸਿੰਘ, ਸ. ਸੁਖਰਾਜ ਸਿੰਘ, ਸ. ਲਖਬੀਰ ਸਿੰਘ, ਸ. ਗੁਰਪ੍ਰਤਾਪ ਸਿੰਘ ਟਿੱਕਾ, ਰਾਣਾ ਪਲਵਿੰਦਰ ਸਿੰਘ, ਅਜੈਬੀਰਪਾਲ ਸਿੰਘ ਰੰਧਾਵਾ, ਸ. ਕਵਲਜੀਤ ਸਿੰਘ ਗੁਰਵਾਲੀ, ਸ. ਗੁਰਪ੍ਰੀਤ ਸਿੰਘ ਵਡਾਲੀ, ਬੀਬੀ ਰਾਜਵਿੰਦਰ ਕੌਰ ਰਾਜ ਸਮੇਤ ਸੰਗਤ ਨੇ ਸਵਾਗਤ ਕੀਤਾ। ਯਾਤਰਾ ਦਾ ਅੱਜ ਦਾ ਪੜਾਅ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਹੋਇਆ, ਜਿਥੇ ਪ੍ਰਵੇਸ਼ ਦੁਆਰ ਦੇ ਬਾਹਰ ਪਲਾਜਾ ਵਿਖੇ ਸ਼੍ਰੋਮਣੀ ਕਮੇਟੀ ਤੇ ਸੰਗਤ ਨੇ ਖਾਲਸਈ ਜੈਕਾਰੇ ਗਜਾ ਕੇ ਸਵਾਗਤ ਕੀਤਾ। ਰਾਤ ਕਰੀਬ ਨੌਂ ਵਜੇ ਇਥੇ ਪੁੱਜੀ ਯਾਤਰਾ ਦੇ ਦਰਸ਼ਨ ਤੇ ਸਵਾਗਤ ਲਈ ਸੰਗਤ ਵਿਚ ਭਾਰੀ ਉਤਸ਼ਾਹ ਸੀ। ਇਸੇ ਦੌਰਾਨ ਸ਼ਬਦ ਗੁਰੂ ਯਾਤਰਾ ਦਾ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਹੋਇਆ ਅਤੇ ਸੰਗਤ ਵੱਲੋਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰਮਾਲੇ ਭੇਟ ਕੀਤੇ ਗਏ ਉਥੇ ਹੀ ਪੰਜ ਪਿਆਰੇ ਸਾਹਿਬ ਨੂੰ ਸਿਰੋਪਾਓ ਦੇ ਕੇ ਸੰਗਤ ਨੇ ਆਪਣਾ ਸਤਿਕਾਰ ਪ੍ਰਗਟ ਕੀਤਾ। ਸ਼ਬਦ ਗੁਰੂ ਯਾਤਰਾ ਦੇ ਨਾਲ ਚੱਲ ਰਹੀ ਬੱਸ ਵਿਚ ਸੁਸ਼ੋਭਿਤ ਇਤਿਹਾਸਕ ਸ਼ਸਤਰਾਂ ਦੇ ਵੀ ਸੰਗਤ ਨੇ ਦਰਸ਼ਨ ਕੀਤੇ।
ਇਸ ਤੋਂ ਪਹਿਲਾਂ ਅੱਜ ਸ਼ਬਦ ਗੁਰੂ ਯਾਤਰਾ ਦੀ ਆਰੰਭਤਾ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਤੋਂ ਸ਼ੁਰੂ ਹੋਈ, ਜਿਥੇ ਭਾਈ ਕੁਲਵਿੰਦਰ ਸਿੰਘ ਗ੍ਰੰਥੀ ਨੇ ਅਰਦਾਸ ਕੀਤੀ। ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਵਾਲੇ, ਬਾਬ ਅਵਤਾਰ ਸਿੰਘ ਧੱਤਲ, ਬਾਬਾ ਕਾਬਲ ਸਿੰਘ ਪੀਰਧੂਰੀ ਆਦਿ ਮੌਜੂਦ ਸਨ।