ਅੰਮ੍ਰਿਤਸਰ, 28 ਅਗਸਤ- ਸ਼ਹੀਦ ਭਾਈ ਤਾਰੂ ਸਿੰਘ ਦੇ 9 ਅਕਤੂਬਰ 2020 ਨੂੰ ਮਨਾਏ ਜਾ ਰਹੇ 300 ਸਾਲਾ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਆਨਲਾਈਨ ਵਿਧੀ ਰਾਹੀਂ ਧਰਮ ਪ੍ਰਚਾਰ ਜਾਰੀ ਹੈ, ਉਥੇ ਹੀ ਹੁਣ ਅਗਲੇ ਪੜਾਅ ਤਹਿਤ ਗੁਰਦੁਆਰਾ ਕਮੇਟੀਆਂ ਨਾਲ ਨਿੱਜੀ ਸੰਪਰਕ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਕਾਰਜ ਲਈ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਪਿੰਡ ਪੱਧਰ ਤਕ ਪਹੁੰਚ ਕਰਨਗੇ। ਇਸੇ ਸਬੰਧ ਵਿਚ ਅੱਜ ਸ਼ਹੀਦ ਭਾਈ ਤਾਰੂ ਸਿੰਘ ਦੇ ਜਨਮ ਅਸਥਾਨ ਨਗਰ ਪੂਹਲਾ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੀ ਇਕੱਤਰਤਾ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਖੁਸ਼ਵਿੰਦਰ ਸਿੰਘ ਭਾਟੀਆ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸ. ਸੁਖਵਰਸ਼ ਸਿੰਘ ਪੰਨੂ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਮਾਝਾ ਜੋਨ ਦੇ ਇੰਚਾਰਜ ਭਾਈ ਜਸਵਿੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਕਲਸੀਆਂ ਆਦਿ ਸ਼ਾਮਲ ਹੋਏ। ਭਾਈ ਮਨਜੀਤ ਸਿੰਘ ਭੂਰਾਕੋਹਨਾ ਅਤੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਦੱਸਿਆ ਕਿ ਸ਼ਹੀਦ ਭਾਈ ਤਾਰੂ ਸਿੰਘ ਦੇ ਜਨਮ ਨਗਰ ਪਿੰਡ ਪੂਹਲਾ ਦੇ ਆਸ-ਪਾਸ ਪਿੰਡਾਂ ਅੰਦਰ ਗੁਰਦੁਆਰਾ ਕਮੇਟੀਆਂ ਅਤੇ ਮੋਹਤਬਰ ਗੁਰਸਿੱਖਾਂ ਨਾਲ ਸੰਪਰਕ ਕਰਕੇ ਪ੍ਰਚਾਰਕ ਸਿੰਘ ਜਿਥੇ ਗੁਰਮਤਿ ਸਾਹਿਤ ਵੰਡਣਗੇ, ਉਥੇ ਹੀ ਪਿੰਡਾਂ ਦੇ ਗੁਰਦੁਆਰਿਆਂ ਤੋਂ ਭਾਈ ਸਾਹਿਬ ਦੇ ਜੀਵਨ ਅਤੇ ਦੇਣ ਸਬੰਧੀ ਪ੍ਰਚਾਰ ਕਰਨ ਲਈ ਬੇਨਤੀ ਕਰਨਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਵੱਡੇ ਸੰਗਤੀ ਇਕੱਠ ਅਤੇ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਕਰਨਾ ਅਜੇ ਸੰਭਵ ਨਹੀਂ ਹੈ, ਇਸ ਲਈ ਨਿੱਜੀ ਸੰਪਰਕ ਮਹਿੰਮ ਚਲਾਈ ਜਾਵੇਗੀ। ਇਸ ਦੌਰਾਨ ਪ੍ਰਚਾਰ ਵਹੀਰ ਨੂੰ ਰਵਾਨਾ ਵੀ ਕੀਤਾ ਗਿਆ ਅਤੇ ਹਾਜ਼ਰ ਪ੍ਰਚਾਰਕਾਂ ਨੂੰ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਲਈ ਵੀ ਕਿਹਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ, ਹੈੱਡ ਗ੍ਰੰਥੀ ਭਾਈ ਨਿਸ਼ਾਨ ਸਿੰਘ, ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਦੇ ਮੈਨੇਜਰ ਭਾਈ ਜਗੀਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।