ਅੰਮ੍ਰਿਤਸਰ ੧੪ ਦਸੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਧਾਰਮਿਕ ਸੰਸਥਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਸੰਸਾਰ ਦੀ ਪਹਿਲੀ ਅਤੇ ਦੂਜੀ ਜੰਗ ਸਮੇਂ ਬ੍ਰਿਟਿਸ਼ ਫ਼ੌਜ ਵਿੱਚ ਸਿੱਖ ਸੈਨਿਕਾਂ ਦੀ ਭੂਮਿਕਾ ਅਤੇ ਪਾਏ ਗਏ ਯੋਗਦਾਨ ਬਾਰੇ ਸੈਮੀਨਾਰ ਕਰਵਾਇਆ ਗਿਆ। ਸੰਸਾਰ ਜੰਗਾਂ ਦੌਰਾਨ ਬਹਾਦਰ ਸਿੱਖ ਸੈਨਿਕਾਂ ਬਾਰੇ ਲੱਗਭਗ ੨੦ ਸਾਲਾਂ ਦੀ ਕੀਤੀ ਖੋਜ ਦੇ ਤੱਥਾਂ ਨੂੰ ਸ੍ਰ: ਭੁਪਿੰਦਰ ਸਿੰਘ ਹਾਲੈਂਡ ਨੇ ਪ੍ਰੋਜੈਕਟਰ ਰਾਹੀਂ ਦਿਖਾ ਕੇ ਬੜੇ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਨੇ ਪਹਿਲੀ ਸੰਸਾਰ ਜੰਗ ੧੯੧੪-੧੮ ਅਤੇ ਦੂਜੀ ਸੰਸਾਰ ਜੰਗ ੧੯੩੯-੪੫ ਦੌਰਾਨ ਬ੍ਰਿਟਿਸ਼ ਇੰਡੀਆ ਆਰਮੀ ਵਿੱਚ ਸਿੱਖਾਂ ਦੇ ਯੋਗਦਾਨ ਦਾ ਪੂਰਾ ਰਿਕਾਰਡ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਸੈਨਿਕਾਂ ਵਿਚ ੩੩ ਫ਼ੀਸਦੀ ਭਾਰਤੀ ਅਤੇ ਸਿੱਖ ਸੈਨਿਕ ਸਨ, ਇਸੇ ਤਰ੍ਹਾਂ ਦੂਸਰੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਵਿਚ ੩੫ ਫ਼ੀਸਦੀ ਭਾਰਤੀ ਅਤੇ ਸਿੱਖ ਸੈਨਿਕਾਂ ਦਾ ਯੋਗਦਾਨ ਸੀ। ਉਹਨਾਂ ਦੱਸਿਆ ਕਿ ੧੯ ਮੁਲਕਾਂ ਦੀਆਂ ਫੌਜਾਂ ਵਿੱਚ ਸਿੱਖ ਸੈਨਿਕਾਂ ਨੇ ਬਹਾਦਰੀ ਦੇ ਝੰਡੇ ਗੱਡੇ ਅਤੇ ਇਹਨਾਂ ਦੀ ਬਹਾਦਰੀ ਨੂੰ ਅੱਜ ਵੀ ਯਾਦਗਾਰ ਦੇ ਰੂਪ ਵਿੱਚ ਇਹਨਾਂ ਦੇਸ਼ਾਂ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਇਗਲੈਂਡ ਤੋਂ ਆਏ ਹੋਏ ਸਾਬਕਾ ਮੇਅਰ ਸ. ਇੰਦਰ ਸਿੰਘ ਨੇ ਆਪਣੇ ਵੀਚਾਰ ਪ੍ਰਗਟ ਕਰਦਿਆਂ ਇਸ ਵਿਸ਼ੇ ‘ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੋ: ਸੂਬਾ ਸਿੰਘ ਨੇ ਵੀ ਆਪਣੇ ਵੀਚਾਰ ਪੇਸ਼ ਕੀਤਾ। ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਨੇ ਆਈਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜ਼ਿੰਮੇਵਾਰੀ ਪ੍ਰੋ: ਕੁਲਰਾਜ ਸਿੰਘ ਨੇ ਨਿਭਾਈ। ਸ੍ਰ: ਭੁਪਿੰਦਰ ਸਿੰਘ ਹਾਲੈਂਡ ਨੇ ਆਪਣੀਆਂ ਪੁਸਤਕਾਂ ਕਾਲਜ ਦੀ ਲਾਇਬ੍ਰੇਰੀ ਲਈ ਪ੍ਰਿੰਸੀਪਲ ਬਲਦੇਵ ਸਿੰਘ ਨੂੰ ਭੇਟ ਕੀਤੀਆਂ। ਸਮਾਗਮ ਵਿੱਚ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਮਾਹਲ, ਸੁਪ੍ਰਿਟੈਂਡੈਟ ਸ੍ਰ: ਮਨਜੀਤ ਸਿੰਘ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਸ੍ਰ: ਗੁਰਿੰਦਰ ਸਿੰਘ ਸੁਲਤਾਨਵਿੰਡ, ਸ੍ਰ: ਸਰਬਜੀਤ ਸਿੰਘ ਗੁੰਮਟਾਲਾ, ਡਾ: ਜੋਗਿੰਦਰ, ਪ੍ਰੋ: ਗੁਰਿੰਦਰ ਸਿੰਘ ਮਾਨ ਨਿਊਯਾਰਕ ਮੌਜੂਦ ਸਨ।