ਅੰਮ੍ਰਿਤਸਰ, ੧੬ ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੇਘਾਲਿਆ ਹਾਈਕੋਰਟ ਵੱਲੋਂ ਸ਼ਿਲਾਂਗ ਦੀ ਪੰਜਾਬੀ ਕਲੋਨੀ ਨੂੰ ਉਜਾੜਨ ਤੋਂ ਰੋਕਣ ਲਈ ਸਿੱਖਾਂ ਦੇ ਹੱਕ ਵਿਚ ਦਿੱਤੇ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਸ਼ਿਲਾਂਗ ਦੀ ਸਬੰਧਤ ਪੰਜਾਬੀ ਕਲੋਨੀ ਵਿੱਚੋਂ ਸਿੱਖਾਂ ਤੇ ਪੰਜਾਬੀਆਂ ਨੂੰ ਆਪਣੇ ਘਰ ਛੱਡ ਕੇ ਹੋਰ ਥਾਂ ਚਲੇ ਜਾਣ ਲਈ ਕਿਹਾ ਗਿਆ ਸੀ ਜਿਸ ਦਾ ਉਥੇ ਰਹਿ ਰਹੇ ਸਿੱਖਾਂ ਨੇ ਸਖਤ ਵਿਰੋਧ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਸਥਾਨਕ ਖਾਸੀ ਲੋਕਾਂ ਵੱਲੋਂ ਸਿੱਖਾਂ ਦੀ ਇਸ ਕਲੋਨੀ ਦੇ ਕੁਝ ਘਰਾਂ ‘ਤੇ ਹਮਲਾ ਵੀ ਕੀਤਾ ਸੀ, ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀ ਮਦਦ ਲਈ ਇੱਕ ਵਫਦ ਭੇਜਿਆ ਸੀ। ਇਸ ਵਫਦ ਦੀ ਰਿਪੋਰਟ ਉਤੇ ਸ਼ੋਮਣੀ ਕਮੇਟੀ ਵੱਲੋਂ ਪ੍ਰਭਾਵਿਤਾਂ ਨੂੰ ਸਹਾਇਤਾ ਸਮੇਤ ਗੁਰਦੁਆਰਾ ਸਾਹਿਬ ਲਈ ਮਾਲੀ ਮੱਦਦ ਵੀ ਦਿੱਤੀ ਗਈ ਸੀ। ਹੁਣ ਮੇਘਾਲਿਆ ਹਾਈ ਕੋਰਟ ਵੱਲੋਂ ਸਿੱਖਾਂ ਨੂੰ ਉਜਾੜਨ ਤੋਂ ਪਹਿਲਾਂ ਹੇਠਲੀ ਅਦਾਲਤ ਵੱਲੋਂ ਸਬੰਧਤ ਕਲੋਨੀ ਨਿਵਾਸੀਆਂ ਦਾ ਮੁਕੰਮਲ ਪੱਖ ਸੁਣਨ ਦਾ ਫੈਸਲਾ ਦਿੱਤਾ ਗਿਆ ਹੈ ਅਤੇ aਨੀ ਦੇਰ ਕਲੋਨੀ ਖਾਲੀ ਕਰਵਾਉਣ ‘ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼ਿਲਾਂਗ ਦੇ ਸਿੱਖਾਂ ਨੂੰ ਰਾਹਤ ਮਿਲਣ ਨਾਲ ਉਨ੍ਹਾਂ ਦੇ ਉਜਾੜੇ ਦੀਆਂ ਚਿੰਤਾਵਾਂ ਕੁਝ ਹੱਦ ਤੱਕ ਦੂਰ ਹੋਈਆਂ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸ਼ਿਲਾਂਗ ਦੇ ਸਿੱਖਾਂ ਦੀ ਮੱਦਦ ਲਈ ਵਚਨਬੱਧ ਰਹੇਗੀ।