ਗੁਰੂ-ਘਰਾਂ ਦੇ ਪ੍ਰਬੰਧਕਾਂ ‘ਚ ਅਨੈਤਿਕਤਾ, ਭ੍ਰਿਸ਼ਟਾਚਾਰ ਅਤੇ ਨਸ਼ਾਖੋਰੀ ਬਿਲਕੁਲ ਬਰਦਾਸ਼ਤ ਨਹੀਂ : ਡਾ: ਰੂਪ ਸਿੰਘ
27-07-2015-1 ਅੰਮ੍ਰਿਤਸਰ : 27 ਜੁਲਾਈ () ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਣਲਾਉਣ ਤੇ ਸਮੱਸਿਆਂ ਨਾਲ ਨਿਪਟਣ ਲਈ ਸੈਕਸ਼ਨ-੮੫ ਦੇ ਸਮੂਹ ਮੈਨੇਜਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨਾਲ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜ਼ਰੂਰੀ ਇਕੱਤਰਤਾ ਕੀਤੀ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਮੂਹ ਮੈਨੇਜਰ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਕਰਮਾਂ ਵਾਲੇ ਹੋ ਜਿਸ ਕਰਕੇ ਗੁਰੂ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ‘ਚ ਤੁਹਾਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਤੁਹਾਨੂੰ ਯੋਗ ਸਮਝਦਿਆਂ ਦਫਤਰ ਵੱਲੋਂ ਗੁਰੂ ਘਰਾਂ ‘ਚ ਮੈਨੇਜਰ ਦੀ ਜਿੰਮੇਵਾਰੀ ਸੌਂਪੀ ਗਈ ਹੈ ਜਿਸ ਤੇ ਖਰਾ ਉਤਰਨਾ ਤੁਹਾਡੀ ਜ਼ਿੰਮੇਵਾਰੀ ਹੈ।ਉਨ੍ਹਾਂ ਸਾਰੇ ਮੈਨੇਜਰ ਸਾਹਿਬਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਗੁਰੂ ਘਰਾਂ ‘ਚ ਅਨੈਤਿਕਤਾ, ਭ੍ਰਿਸ਼ਟਾਚਾਰ ਜਾਂ ਨਸ਼ਾ ਖੋਰੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਾਰੇ ਮੈਨੇਜਰ ਆਪਣੋ-ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਣ।ਦਫ਼ਤਰ ਵੱਲੋਂ ਮੰਗੀ ਹਰੇਕ ਜਾਣਕਾਰੀ ਦਾ ਸਮੇਂ ਸਿਰ ਜੁਆਬ ਦਿੱਤਾ ਜਾਵੇ।ਜਿਹੜਾ ਮੈਨੇਜਰ ੧੦ ਦਿਨਾਂ ਦੇ ਅੰਦਰ-ਅੰਦਰ ਜੁਆਬ ਨਹੀਂ ਦੇਵੇਗਾ ਉਸ ਖਿਲਾਫ ਕਾਰਵਾਈ ਅਵੱਸ਼ ਹੋਵੇਗੀ।ਉਨ੍ਹਾਂ ਕਿਹਾ ਕਿ ਹਰੇਕ ਮੈਨੇਜਰ ਆਪਣੇ ਵੱਲੋਂ ਸੰਗਤ ਨਾਲ ਵਿਵਹਾਰ ਠੀਕ ਰੱਖੇ, ਸੰਗਤਾਂ ਵੱਲੋਂ ਦਿੱਤੇ ਸੁਝਾਅ ਆਦਿ ਤੇ ਅਮਲ ਕਰੇ, ਗੁਰੂ ਘਰਾਂ ‘ਚ ਸਾਫ ਸਫਾਈ ਆਦਿ ਦਾ ਖਾਸ ਖਿਆਲ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦਾ ਇਤਿਹਾਸ ਵਧੀਆ ਤਰੀਕੇ ਨਾਲ ਲਿਖਵਾ ਕੇ ਪ੍ਰਵੇਸ਼ ਦੁਆਰ ਤੇ ਬੋਰਡ ਲਗਾਇਆ ਜਾਵੇ। ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਸਰੋਵਰ ਦੁਆਲੇ ਕਿਸੇ ਵੀ ਕੰਧ ਉੱਪਰ ਕੋਈ ਪੋਸਟਰ ਆਦਿ ਨਾ ਲਗਾਇਆ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਹਰੇਕ ਮੈਨੇਜਰ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੋਵੇ, ਜ਼ਮੀਨਾਂ, ਦੁਕਾਨਾਂ, ਮਕਾਨਾਂ ਆਦਿ ਜਾਇਦਾਦ ਦੇ ਮੁਕੰਮਲ ਵੇਰਵੇ ਬਾਰੇ ਪਤਾ ਹੋਵੇ।ਜੇਕਰ ਕਿਤੇ ਕੋਈ ਨਜਾਇਜ ਕਬਜਾ ਜਾਂ ਸਬਲੈਟ ਦਾ ਮਾਮਲਾ ਹੈ ਤਾਂ ਤੁਰੰਤ ਦਫਤਰ ਦੇ ਧਿਆਨ ‘ਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧਕ ਹੋਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪ੍ਰਚਾਰਕਾਂ ਨਾਲ ਤਾਲਮੇਲ ਰੱਖ ਕੇ ਇਲਾਕੇ ‘ਚ ਸੰਗਤਾਂ ਨੂੰ ਸਿੱਖ ਰਹਿਤ ਮਰਿਯਾਦਾ ਤੇ ਇਤਹਾਸ ਦੀ ਜਾਣਕਾਰੀ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ‘ਚ ਅੱਗ ਬੁਝਾਊ ਯੰਤਰ ਤੁਰੰਤ ਲਗਾਏ ਜਾਣ ਤੇ ਲਾਗਲੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਪ੍ਰੇਰ ਕੇ ਵੀ ਲਗਾਏ ਜਾਣ।ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਹਰੇਕ ਗੁਰਦੁਆਰਾ ਸਾਹਿਬ ‘ਚ ਲੱਗੇ ਬਿਜਲੀ ਉਪਕਰਨ ਤੇ ਵਾਇਰਿੰਗ ਵੱਲ ਖਾਸ ਧਿਆਨ ਦਿੱਤਾ ਜਾਵੇ। ਖਾਸ ਕਰ ਸੁਖਆਸਣ ਅਸਥਾਨ ਤੇ ਦਰਬਾਰ ਵਿੱਚ ਹੋਈ ਵਾਇਰਿੰਗ ਦੀ ਸਮੇਂ-ਸਮੇਂ ਅਨੁਸਾਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਵੇਰੇ ਸ਼ਾਮ ਮੈਨੇਜਰ ਸਾਰੇ ਪ੍ਰਬੰਧ ਦਾ ਜਾਇਜਾ ਲਵੇ। ਲੰਗਰ ਤੇ ਰਿਹਾਇਸ਼ ਆਦਿ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਹੋਣ ਵਾਲੇ ਇਮਾਰਤੀ ਕੰਮ ਦਾ ਪਹਿਲਾਂ ਮਾਸਟਰ ਪਲਾਨ ਤਿਆਰ ਹੋਵੇ ਤੇ ਫੇਰ ਹੀ ਸਾਰਾ ਕੰਮ ਨਿਸ਼ਚਿਤ ਤਰੀਕੇ ਨਾਲ ਕਰਵਾਇਆ ਜਾਵੇ।ਉਨ੍ਹਾਂ ਮੈਨੇਜਰਾਂ ਨੂੰ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਚੱਲ ਰਹੀ ਕਾਰ ਸੇਵਾ ਕਦੋਂ ਸ਼ੁਰੂ ਹੋਈ, ਕਿੰਨਾ ਕੰਮ ਹੋਇਆ ਹੈ ਤੇ ਕਿੰਨਾ ਅਜੇ ਬਾਕੀ ਰਹਿੰਦਾ ਹੈ, ਕੰਮ ਦੀ ਰਫਤਾਰ ਬਾਰੇ ਮੁਕੰਮਲ ਜਾਣਕਾਰੀ ਦਫ਼ਤਰ ਨੂੰ ਭੇਜੀ ਜਾਵੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਵਰਦੀ ਮਿਲਦੀ ਹੈ ਉਹ ਆਪਣੀ ਵਰਦੀ ਪਾ ਕੇ ਹੀ ਡਿਊਟੀ ਕਰਨ। ਬਿਜਲੀ ਪਾਣੀ ਦੇ ਦੁਰਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਹ ਆਉਣ ਵਾਲੇ ਸਮੇਂ ਲਈ ਬਹੁਤ ਹੀ ਲੋੜੀਂਦੇ ਹਨ।ਅਖੀਰ ਉਨ੍ਹਾਂ ਕਿਹਾ ਕਿ ਅਨੁਸਾਸ਼ਨ ਹੀਣਤਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅੱਗੇ ਤੋਂ ਸੁਚੇਤ ਤੇ ਸੱਤਰਕ ਹੋ ਕੇ ਆਪਣੀ ਡਿਊਟੀ ਕੀਤੀ ਜਾਵੇ ਤੇ ਸਮੂਹ ਮੁਲਾਜ਼ਮਾਂ ਪਾਸੋਂ ਵੀ ਕਰਵਾਈ ਜਾਵੇ। ਇਸ ਤੋਂ ਪਹਿਲਾਂ ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਸ੍ਰ: ਰਣਜੀਤ ਸਿੰਘ ਨੇ ਵੀ ਆਪਣੇ ਆਪਣੇ ਵਿਭਾਗਾਂ ਬਾਰੇ ਮੈਨੇਜਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਜ਼ਰੂਰੀ ਹਦਾਇਤਾਂ ਦਿੱਤੀਆਂ। ਮੰਚ ਦੀ ਸੇਵਾ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਨੇ ਨਿਭਾਈ।
ਇਸ ਮੌਕੇ ਸ. ਕੇਵਲ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ੍ਰ: ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ੍ਰ: ਸੰਤੋਖ ਸਿੰਘ, ਸ੍ਰ: ਜਸਵਿੰਦਰ ਸਿੰਘ ਦੀਨਪੁਰ, ਸ੍ਰ: ਭੂਪਿੰਦਰ ਸਿੰਘ, ਸ੍ਰ: ਜਗਜੀਤ ਸਿੰਘ, ਸ੍ਰ: ਹਰਜੀਤ ਸਿੰਘ ਲਾਲੂ ਘੁੰਮਣ, ਸ੍ਰ: ਗੁਰਦੇਵ ਸਿੰਘ ਉਬੋਕੇ, ਸ੍ਰ: ਗੁਰਚਰਨ ਸਿੰਘ ਮੀਤ ਸਕੱਤਰ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ੍ਰ: ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ੍ਰ: ਪਰਮਦੀਪ ਸਿੰਘ ਇੰਚਾਰਜ-੮੫ ਤੇ ਗੁਰਦੁਆਰਾ ਸਾਹਿਬਾਨ-੮੫ ਦੇ ਸਮੂਹ ਮੈਨੇਜਰ ਹਾਜ਼ਰ ਸਨ।