ਅੰਮ੍ਰਿਤਸਰ 18 ਅਗਸਤ (        ) ਡਾਕਟਰ ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਨੇ ਭਾਈ ਗੁਰਨਾਮ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸੰਤੋਖ ਸਿੰਘ, ਸ. ਜਗਜੀਤ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਤਰਵਿੰਦਰ ਸਿੰਘ ਮੀਤ ਸਕੱਤਰ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਗੁਰਦਿਆਲ ਸਿੰਘ ਇੰਚਾਰਜ ਅਤੇ ਸਮੂਹ ਸਟਾਫ਼ ਨੇ ਭਾਈ ਗੁਰਨਾਮ ਸਿੰਘ ਪ੍ਰਚਾਰਕ ਦੀ ਆਤਮਿਕ ਸ਼ਾਂਤੀ ਲਈ ਮੂਲ ਮੰਤਰ ਦੇ ਪਾਠ ਕੀਤੇ।
ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਡਾ. ਰੂਪ ਸਿੰਘ ਸਕੱਤਰ ਤੇ ਸ. ਮਨਜੀਤ ਸਿੰਘ ਸਕੱਤਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਈ ਗੁਰਨਾਮ ਸਿੰਘ ਗਜ਼ਬ ਧਰਮ ਪ੍ਰਚਾਰ ਕਮੇਟੀ ਦੇ ਬਿਹਤਰੀਨ ਪ੍ਰਚਾਰਕਾਂ ਵਿਚੋਂ ਇਕ ਸਨ, ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਭਾਈ ਗੁਰਨਾਮ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਭਾਈ ਗੁਰਨਾਮ ਸਿੰਘ ਗਜ਼ਬ ਆਪਣੇ ਪਿੱਛੇ ਧਰਮ ਪਤਨੀ, ਇਕ ਬੇਟਾ ਤੇ ਦੋ ਬੇਟੀਆਂ ਛੱਡ ਗਏ ਹਨ।ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਖਿਓ ਵਾਲੀ, ਮਲੋਟ ਰੋਡ, ਜ਼ਿਲ੍ਹਾ ਫਾਜ਼ਿਲਕਾ ਦੇ ਸ਼ਮਸ਼ਾਨ ਘਾਟ ਵਿਖੇ ਦੁਪਹਿਰ ਬਾਅਦ ਕਰ ਦਿੱਤਾ ਗਿਆ।ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸ. ਜੋਗਿੰਦਰ ਸਿੰਘ ਤੇ ਸ. ਗੁਰਨਾਮ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਨੇ ਲੋਈ ਤੇ ਸਿਰੋਪਾਓ ਪਾਇਆ।