21-09-2015-3ਅੰਮ੍ਰਿਤਸਰ 21 ਸਤੰਬਰ ( ) ਸ. ਅਵਤਾਰ ਸਿੰਘ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਦੀ ਨਿਗਰਾਨੀ ਹੇਠ ਸਮੁੱਚੇ ਐਕਸੀਅਨਾਂ, ਐੱਸ ਡੀ ਓ, ਜੇ ਈਜ਼ (ਇੰਜੀਨੀਅਰਾਂ) ਅਤੇ ਡਰਾਫਟਸਮੈਨਾਂ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਹੋਈ।ਇਸ ਇਕੱਤਰਤਾ ਵਿੱਚ ਦੋਨੋਂ ਉੱਚ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ, ਸਕੂਲਾਂ-ਕਾਲਜਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਮੁਰੰਮਤ ਸਬੰਧੀ ਚੱਲ ਰਹੇ ਪ੍ਰੋਜੈਕਟਾਂ ਦੀ ਰੀਪੋਰਟ ਲੈਣ ਉਪਰੰਤ ਡੂੰਘਾਈ ਨਾਲ ਨਿਰੀਖਣ ਕੀਤਾ ਗਿਆ।
ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਇਮਾਰਤੀ ਵਿਭਾਗ ਨਾਲ ਸਬੰਧਤ ਕਰਮਚਾਰੀਆਂ ਤੇ ਅਧਿਕਾਰੀਆਂ ਤੋਂ ਇਹ ਜਾਣਕਾਰੀ ਲਈ ਗਈ ਕਿ ਕਿਸ ਇਮਾਰਤ ਦਾ ਕਿੰਨਾ ਕੰਮ ਹੋ ਚੁੱਕਾ ਹੈ, ਕਿੰਨਾ ਬਾਕੀ ਹੈ ਤੇ ਜੇ ਕੋਈ ਕੰਮ ਰੁਕਿਆ ਹੈ ਤਾਂ ਉਹ ਕਿੰਨ੍ਹਾ ਕਾਰਣਾ ਕਰਕੇ ਰੁਕਿਆ ਹੈ।ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਆਪਣੇ-ਆਪਣੇ ਕੰਮ ਪ੍ਰਤੀ ਸਾਰੇ ਅਧਿਕਾਰੀਆਂ ਨੂੰ ਇਮਾਨਦਾਰੀ, ਲਗਨ, ਮਿਹਨਤ ਅਤੇ ਸਮੇਂ ਦੀ ਹੱਦ ਵਿੱਚ ਰਹਿੰਦੇ ਹੋਏ ਕੰਮ ਕਰਨ ਲਈ ਸੂਚਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਹਰ ਦੁੱਖ ਤਕਲੀਫ਼ ਸਮੇਂ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਖੜੀ ਹੈ ਪਰ ਜੇਕਰ ਕਿਸੇ ਦੀ ਕੰਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸ. ਮਨਪ੍ਰੀਤ ਸਿੰਘ ਨੂੰ ਐਕਸੀਅਨ ਤੋਂ ਨਿਗਰਾਨ ਐਕਸੀਅਨ, ਸ. ਪ੍ਰਮਜੀਤ ਸਿੰਘ ਨੂੰ ਐੱਸ ਡੀ ਓ ਤੋਂ ਐਕਸੀਅਨ ਅਤੇ ਸ. ਸੁਖਜਿੰਦਰ ਸਿੰਘ ਨੂੰ ਜੇ ਈ ਤੋਂ ਐੱਸ ਡੀ ਓ ਪਦ-ਉਨਤ ਹੋਣ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਸ. ਜਤਿੰਦਰਪਾਲ ਸਿੰਘ, ਸ.ਸਤਵੰਤ ਸਿੰਘ, ਸ. ਸੁਖਜਿੰਦਰ ਸਿੰਘ ਅਤੇ ਸ. ਹਰਪਾਲ ਸਿੰਘ ਐੱਸ ਡੀ ਓ ਤੋਂ ਇਲਾਵਾ ਸਮੁੱਚੇ ਜੇ ਈ ਆਦਿ ਹਾਜ਼ਰ ਸਨ।