ਅੰਮ੍ਰਿਤਸਰ, ੨੦ ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਅਤੇ ਸੇਵਾ-ਸੁਸਾਇਟੀਆਂ ਦੇ ਸਹਿਯੋਗ ਨਾਲ ਵਿਲੱਖਣ ਢੰਗ ਨਾਲ ਮਨਾਇਆ ਜਾਵੇਗਾ। ਸਮੁੱਚੇ ਸ਼ਹਿਰ ਵਿਚ ਸਜਾਵਟ, ਸਾਫ-ਸਫਾਈ, ਲੰਗਰ ਅਤੇ ਚੌਗਿਰਦੇ ਪ੍ਰਤੀ ਸੰਗਤਾਂ ਨੂੰ ਵਿਸ਼ੇਸ਼ ਤੌਰ ‘ਤੇ ਸੁਚੇਤ ਕਰਕੇ ਇਸ ਨੂੰ ਯਾਦਗਾਰੀ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ ਵੱਖ-ਵੱਖ ਸੇਵਾ-ਸੁਸਾਇਟੀਆਂ ਸ੍ਰੀ ਗੁਰੂ ਰਾਮਦਾਸ ਜੀ ਦੇ ੨੬ ਸਤੰਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਬੰਧੀ ਕੀਤੀ ਗਈ ਇਕੱਤਰਤਾ ਦੌਰਾਨ ਕੀਤਾ। ਡਾ. ਰੂਪ ਸਿੰਘ ਨੇ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਹੁੰਦਿਆਂ ਪ੍ਰਕਾਸ਼ ਪੁਰਬ ਮਨਾਉਣ ਲਈ ਨਿਮਰਤਾ ਸਹਿਤ ਸਹਿਯੋਗ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੌਥੇ ਪਾਤਸ਼ਾਹ ਵੱਲੋਂ ਵਸਾਏ ਇਸ ਸ਼ਹਿਰ ਦੇ ਵਾਸੀ ਹੁੰਦਿਆਂ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਇੱਕਜੁਟਤਾ ਨਾਲ ਮਨਾਈਏ। ਉਨ੍ਹਾਂ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਆਪਣੀ ਸਮਰੱਥਾ ਅਨੁਸਾਰ ਲੰਗਰ, ਮੈਡੀਕਲ ਕੈਂਪ, ਲਿਟਰੇਚਰ, ਸਾਫ-ਸਫਾਈ ਤੇ ਸਜਾਵਟ ਦੀ ਸੇਵਾ ਨਿਭਾਉਣ। ਮੁੱਖ ਸਕੱਤਰ ਨੇ ਵਿਸ਼ੇਸ਼ ਤੌਰ ‘ਤੇ ਸ਼ਹਿਰ ਦੀ ਸਾਫ-ਸਫਾਈ ਲਈ ਪ੍ਰੇਰਣਾ ਕਰਦਿਆਂ ਕਿਹਾ ਕਿ ਅੱਜ ਸਾਡੇ ਆਲੇ-ਦੁਆਲੇ ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ, ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਅਤੇ ਹੋਰਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਡਾ. ਰੂਪ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਚੌਥੇ ਪ੍ਰਕਾਸ਼ ਪੁਰਬ ਮੌਕੇ ਹਰੇਕ ਸਿੱਖ ੧-੧ ਪੌਦਾ ਜ਼ਰੂਰੀ ਲਗਾਏ ਤੇ ਉਸਦੀ ਸੰਭਾਲ ਵੀ ਕਰੇ ਅਤੇ ਆਪਣੇ ਘਰਾਂ ਵਿਚ ਦੀਵੇ ਵੀ ਜਗਾਉਣ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਦੱਸਿਆ ਕਿ ਹਰ ਸਾਲ ਪ੍ਰਕਾਸ਼ ਪੁਰਬ ਮੌਕ ਬੱਚਿਆਂ ਦੇ ਕਰਵਾਏ ਜਾਂਦੇ ਧਾਰਮਿਕ ਮੁਕਾਬਲਿਆਂ ਵਿਚ ਇਸ ਵਾਰ ਵਿਸ਼ੇਸ਼ ਤੌਰ ‘ਤੇ ਗੂੰਗੇ ਤੇ ਬੋਲ਼ੇ ਬੱਚਿਆਂ ਦੇ ਵੀ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ। ਇਕੱਤਰਤਾ ਦੌਰਾਨ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ।
ਇਸ ਮੌਕੇ ਸ. ਜਸਵਿੰਦਰ ਸਿੰਘ ਦੀਨਪੁਰ ਮੈਨੇਜਰ, ਸ. ਜਸਪਾਲ ਸਿੰਘ ਢੱਡੇ ਐਡੀਸ਼ਨਲ ਮੈਨੇਜਰ, ਸ. ਗੁਰਦੀਪ ਸਿੰਘ ਸਲੂਜਾ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਬੀਬੀ ਕੌਲਾਂ ਜੀ, ਸ. ਸੁਰਿੰਦਰਪਾਲ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਗਾਵਾਂ, ਸ. ਕੁਲਦੀਪ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਜੀਠਾ ਰੋਡ, ਸ. ਹਰਜਿੰਦਰ ਸਿੰਘ ਅੰਮ੍ਰਿਤਸਰ ਸੰਗੀਤ ਸਭਾ, ਸ. ਰਜਿੰਦਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਟਾਲਾ, ਸ. ਰਘਬੀਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਡਿਆਲਾ ਗੁਰੂ, ਬੀਬੀ ਪਰਮਜੀਤ ਕੌਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੋਪੋਕੇ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਈਆ, ਪਿੰਡ ਲਹੋਕਾ, ਰਮਦਾਸ, ਚੋਹਲਾ ਸਾਹਿਬ, ਪੱਟੀ, ਇਸਤਰੀ ਸਤਿਸੰਗ ਸਭਾ ਸੁਸਾਇਟੀ ਗੁਰੂ ਤੇਗ ਬਹਾਦਰ ਅਜੀਤ ਨਗਰ, ਮਾਤਾ ਖੀਵੀ ਨਿਸ਼ਕਾਮ ਸਤਿਸੰਗ ਸਭਾ ਕੋਟ ਰਲਿਆ ਰਾਮ ਅੰਮ੍ਰਿਤਸਰ, ਮਾਤਾ ਗੰਗਾ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਬਾ ਬਕਾਲਾਤ ਤੇ ਬੇਬੇ ਨਾਨਕੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦਾਸਪੁਰ ਦੇ ਨੁਮਾਇੰਦੇ ਇਕੱਤਰਤਾ ਵਿਚ ਸ਼ਾਮਲ ਹੋਏ।