ਅੰਮ੍ਰਿਤਸਰ, ੧੩ ਨਵੰਬਰ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਕੇਵਲ ਸਿੰਘ ਭੂਰਾ ਕੋਹਨਾ ਤੇ ਸ. ਬਿਜੈ ਸਿੰਘ ਅਤੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਨੇ ਇਥੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਅੰਤ੍ਰਿੰਗ ਕਮੇਟੀ ਵੱਲੋਂ ਪਿਛਲੇ ਦਿਨੀਂ ਅਧਿਕਾਰੀਆਂ ਨੂੰ ਪਦਉੱਨਤ ਕਰਨ ਦੇ ਫੈਸਲੇ ਦੀ ਪ੍ਰੋੜ੍ਹਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਇਸ ਸੰਸਥਾ ਦੀ ਕਾਰਜਕੁਸ਼ਲਤਾ ਅਤੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਕਿਸੇ ਵੀ ਅਧਿਕਾਰੀ ਨੂੰ ਪਦਉੱਨਤ ਕਰ ਕੇ ਕੋਈ ਵੀ ਵਿਸ਼ੇਸ਼ ਜ਼ਿੰਮੇਵਾਰੀ ਸੌਂਪ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਅਜਿਹੇ ਫੈਸਲੇ ਸੰਸਥਾ ਦੀ ਬੇਹਤਰੀ ਲਈ ਲਏ ਜਾਂਦੇ ਹਨ ਅਤੇ ਇਹ ਸੰਸਥਾ ਦਾ ਅੰਦਰੂਨੀ ਪ੍ਰਬੰਧਕੀ ਫੈਸਲਾ ਹੈ ਅਤੇ ਇਹ ਫੈਸਲਾ ਸੀਨੀਓਰਟੀ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।
ਸ. ਕੇਵਲ ਸਿੰਘ, ਸ. ਬਿਜੈ ਸਿੰਘ ਤੇ ਸ. ਰਮਦਾਸ ਨੇ ਪੰਜਾਬੀ ਦੇ ਇੱਕ ਅਖਬਾਰ ਵੱਲੋਂ ਉਨ੍ਹਾਂ ਦਾ ਨਾਮ ਵਰਤ ਕੇ ਛਾਪੀ ਇੱਕ ਖਬਰ ਉਪਰ ਵੀ ਇਤਰਾਜ ਜਤਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਨਾਮ ਖਬਰ ਵਿਚ ਛਾਪਣ ਤੋਂ ਪਹਿਲਾਂ ਉਸ ਨਾਲ ਰਾਬਤਾ ਕਰਨਾ ਜ਼ਰੂਰੀ ਹੁੰਦਾ ਹੈ, ਅਜਿਹਾ ਨਾ ਕਰਨ ਨਾਲ ਅਖਬਾਰ ਦਾ ਭਰੋਸੇਯੋਗਤਾ ਵਾਲਾ ਅਕਸ ਵੀ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਇੱਕ ਕੁਸ਼ਲ ਪ੍ਰਬੰਧਕ ਹਨ, ਜਿਨ੍ਹਾਂ ਵੱਲੋਂ ਲਏ ਜਾ ਰਹੇ ਫੈਸਲੇ ਸੰਸਥਾ ਹਿਤਕਾਰੀ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਬਡੂੰਗਰ ਦੀ ਅਗਵਾਈ ਵਿਚ ਸੰਸਥਾ ਦੀ ਕਾਰਗੁਜ਼ਾਰੀ ਵਿਚ ਨਿਖਾਰ ਆ ਰਿਹਾ ਹੈ ਅਤੇ ਸੰਗਤਾਂ ਵੱਲੋਂ ਵੀ ਇਸਦੇ ਕਾਰਜਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।