ਚੋਣ ਕਰਨ ਵਾਲੀ ਤਿੰਨ ਮੈਂਬਰੀ ਸਬ-ਕਮੇਟੀ ਦੀ ਹੋਈ ਪਹਿਲੀ ਮੀਟਿੰਗ

ਅੰਮ੍ਰਿਤਸਰ, 15 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੇਡਾਂ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧ ਵਿਚ ਨਾਵਾਂ ਦੀ ਚੋਣ ਕਰਨ ਲਈ ਗਠਿਤ ਕੀਤੀ ਗਈ ਸਬ-ਕਮੇਟੀ ਦੀ ਪਹਿਲੀ ਮੀਟਿੰਗ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਫਤਿਹਗੜ੍ਹ ਸਾਹਿਬ ਸਥਿਤ ਮਾਤਾ ਗੁਜਰੀ ਕਾਲਜ ਵਿਖੇ ਹੋਈ। ਇਸ ਮੀਟਿੰਗ ਵਿਚ ਸ. ਜੈਪਾਲ ਸਿੰਘ ਅਰਜੁਨ ਐਵਾਰਡੀ (ਬੌਕਸਿੰਗ) ਐੱਸ.ਐੱਸ.ਪੀ., ਪੀ.ਐੱਸ.ਪੀ.ਸੀ.ਐੱਲ. ਪਟਿਆਲਾ, ਡਾ. ਗੁਰਦੀਪ ਕੋਰ ਰੰਧਾਵਾ ਅੰਤਰਰਾਸ਼ਟਰੀ ਖਿਡਾਰਨ ਹੈਂਡਬਾਲ ਤੇ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਪਰਮਿੰਦਰ ਕੋਰ ਰੰਧਾਵਾ ਨੈਸ਼ਨਲ ਖਿਡਾਰਨ (ਬਾਸਕਟਬਾਲ) ਐਸੋਸੀਏਟ ਪ੍ਰੋਫੈਸਰ ਮਾਤਾ ਗੁਜਰੀ ਕਾਲਜ ਅਤੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਐਂਡ ਕਲਚਰ ਸ਼੍ਰੋਮਣੀ ਕਮੇਟੀ ਸ਼ਾਮਲ ਹੋਏ। ਮੀਟਿੰਗ ਵਿਚ ਸਬ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਬ ਕਮੇਟੀ ਦੇ ਮੈਂਬਰਾਂ ਅਨੁਸਾਰ ਓਲਪਿਕਸ ਅਤੇ ਏਸ਼ੀਆਈ ਖੇਡਾਂ ਵਿਚ ੨੦੧੪ ਤੋਂ ਲੈ ਕੇ ੨੦੧੭ ਤੱਕ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀ ਖਾਸਕਰ ਜਿਹੜੇ ਹੁਣ ਤੱਕ ਸਿੱਖੀ ਸਰੂਪ ਵਿਚ ਹੋਣਗੇ ਦੇ ਨਾਂਵਾਂ ਦੀ ਚੋਣ ਕੀਤੀ ਜਾਵੇਗੀ।
ਇਸ ਸਬੰਧ ਵਿਚ ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਤਹਿਤ ਬਣਾਈ ਗਈ ਸਬ-ਕਮੇਟੀ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ ਖਿਡਾਰੀਆਂ ਨੂੰ ਸਨਮਾਨ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਜਿੱਥੇ ਖਿਡਾਰੀ ਸਿੱਖੀ ਸਰੂਪ ਨਾਲ ਜੁੜਨਗੇ, ਉਥੇ ਹੋਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਸਾਰਥਿਕ ਨਤੀਜੇ ਸਾਹਮਣੇ ਆਉਣਗੇ।