ਸ੍ਰੀ ਅਨੰਦਪੁਰ ਸਾਹਿਬ: 18 ਜੂਨ – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਚਰਨਗੰਗਾ ਸਟੇਡੀਅਮ ਵਿਖੇ ਬਾਬਾ ਬਲਬੀਰ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ‘ਚ ਸਮੂੰਹ ਨਿਹੰਗ ਸਿੰਘ ਦਲਾਂ ਵਲੋਂ ਪੁਰਾਤਨ ਸਿੱਖ ਰਵਾਇਤ ਅਨੁਸਾਰ ਘੋੜ ਦੋੜ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਇਕੱਲੇ ਘੋੜ ਸਵਾਰ ਵਲੋਂ ਕਿੱਲਾ ਪੁੱਟਣਾ, ਦੋ ਘੋੜਿਆਂ ਤੇ ਇਕ ਸਿੰਘ ਵਲੋਂ ਸਵਾਰੀ ਕਰਨਾ ਅਤੇ ਤਿੰਨ ਘੋੜਿਆਂ ਤੇ ਇਕੱਲੇ ਸਿੰਘ ਵਲੋਂ ਸਵਾਰੀ ਕਰਨਾ ਆਦਿ ਸ਼ਾਮਲ ਹੈ। ਇਨ੍ਹਾਂ ਘੋੜ ਦੋੜ ਮੁਕਾਬਲਿਆਂ ਨੂੰ ਵੇਖਣ ਲਈ ਵੱਡੀ ਪੱਧਰ ‘ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਤੇ ਬਾਹਰੋਂ ਆਈਆਂ ਸੰਗਤਾਂ ਸ਼ਾਮਲ ਹੋਈਆਂ। ਘੋੜ ਦੋੜ ਮੁਕਾਬਲਿਆਂ ਦੌਰਾਨ ਚਨਰਗੰਗਾ ਸਟੇਡੀਅਮ ਨੀਲੇ ਤੇ ਕੇਸਰੀ ਨਿਸ਼ਾਨ ਤੇ ਬਾਣੇ ਨਾਲ ਰੰਗਿਆ ਗਿਆ।

ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੁਰਾਤਨ ਰਵਾਇਤ ਨੂੰ ਕਾਇਮ ਰੱਖਣ ਬਦਲੇ ਸਮੂੰਹ ਦਲਾਂ ਵਲੋਂ ਕਰਵਾਏ ਗਏ ਘੋੜ ਦੋੜ ਮੁਕਾਬਲਿਆਂ ਦੀ ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਦਲ ਬਿਧੀ ਚੰਦ, ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਘੋੜ ਦੋੜ ਮੁਕਾਬਲਿਆਂ ਵਿਚ ਕਰਤੱਵ ਦਿਖਾਉਣ ਵਾਲੇ ਨਿਹੰਗ ਸਿੰਘਾਂ ਨੂੰ 2 ਲੱਖ ਰੁਪਏ ਇਨਾਮ ਵਜੋਂ ਦੇਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਅਤੇ ਬਾਣੇ ਨਾਲ ਜੁੜਣ ਲਈ ਇਨ੍ਹਾਂ ਨਿਹੰਗ ਸਿੰਘਾਂ ਪਾਸੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਘੋੜ ਦੋੜ ਮੁਕਾਬਲਿਆਂ ਦੌਰਾਨ ਸਮੂੰਹ ਨਿਹੰਗ ਸਿੰਘ ਦਲਾਂ ਨੂੰ ਵਧਾਈ ਦਿੰਦਿਆਂ ਕਿਹਾ ਦਸਮੇਸ਼ ਪਿਤਾ ਦੀਆਂ ਇਨ੍ਹਾਂ ਲਾਡਲੀਆਂ ਫ਼ੌਜਾਂ ਨੇ ਬਾਣੀ ਅਤੇ ਬਾਣੇ ਨੂੰ ਸਾਂਭ ਕੇ ਰਖਿਆ ਹੈ ਅਸੀਂ ਇਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਵਧਾਈ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਤਾਬਦੀਆਂ ਸਮੇਂ ਅਜਿਹੇ ਸਮਾਗਮ ਕੌਮ ਅੰਦਰ ਨਵੀਂ ਚੇਤਨਾ ਤੇ ਜਜ਼ਬਾ ਪੈਦਾ ਕਰਦੇ ਹਨ। ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਪ੍ਰਸ਼ੰਸਾ ਯੋਗ ਹੈ। ਇਸ ਮੌਕੇ ਸ. ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਸੰਸਦ ਮੈਂਬਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਸਮੇਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ, ਸਿੰਘ ਸਾਹਿਬਾਨ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।