ਅੰਮ੍ਰਿਤਸਰ ੧੭ ਜਨਵਰੀ (        ) –  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਕਿਹਾ ਕਿ ੧੯੮੪ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਆਪਣਾ ਰੈਣ ਬਸੇਰਾ ਕਰਨ ਲਈ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿਖੇ ਅਲਾਟ ਹੋਏ ਮਕਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਮਕਾਨਾਂ ਦੀ ਤੁਰੰਤ ਮੁਰੰਮਤ ਵਾਸਤੇ ੧੦ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕਰੇਗੀ।
ਉਨ੍ਹਾਂ ਕਿਹਾ ਕਿ ੧੯੮੪ ਵਿੱਚ ਹੋਈ ਸਿੱਖ ਨਸਲਕੁਸ਼ੀ ਨਾਲ ਪ੍ਰਭਾਵਿਤ ਪੀੜ੍ਹਤ ਪਰਿਵਾਰਾਂ ਦੀ ਸਮੇਂ ਦੀ ਸਰਕਾਰ ਵੱਲੋਂ ਕੋਈ ਵਿਸ਼ੇਸ਼ ਸਾਰ ਨਹੀਂ ਲਈ ਗਈ ਅਤੇ ਜੋ ਮਕਾਨ ਉਨ੍ਹਾਂ ਨੂੰ ਅਲਾਟ ਕੀਤੇ ਗਏ ਉਨ੍ਹਾਂ ਦੀ ਲੰਮੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਉਹ ਹੁਣ ਢਹਿ-ਢੇਰੀ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਹਨ।ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਹੋਏ ਆਦੇਸ਼ਾਂ ਮੁਤਾਬਿਕ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ ਰਹਿਣ ਵਾਲੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ੧੦ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਉਨ੍ਹਾਂ ਦੇ ਮਕਾਨਾਂ ਦੀ ਮੁਰੰਮਤ ਕਰਵਾਉਣ ਵਾਸਤੇ ਦਿੱਤੀ ਜਾਵੇਗੀ।
ਸ. ਹਰਚਰਨ ਸਿੰਘ ਨੇ ਇਹ ਵੀ ਕਿਹਾ ਕਿ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਰੱਖਦੀ ਹੈ ਅਤੇ ਪਿਛਲੇ ਲੰਮੇ ਅਰਸੇ ਤੋਂ ਹਰ ਪੱਖੋਂ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਮਦਦ ਕਰਦੀ ਆ ਰਹੀ ਹੈ।