ਅੰਮ੍ਰਿਤਸਰ ੧੫ ਅਗਸਤ (     ) ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਬਾਹਰੀ ਲੋਕ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨਾਲ ਸਿੱਧੇ ਤੌਰ ‘ਤੇ ਸਬੰਧ ਨਹੀਂ, ਪਰ ਉਹ ਲੋਕ ਆਪਣੇ ਨਿਜੀ ਵਾਹਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਿਖਵਾ ਕੇ ਗੱਡੀਆਂ ਦੀ ਵਰਤੋਂ ਕਰ ਰਹੇ ਹਨ ਸਰਾਸਰ ਗਲਤ ਤੇ ਇਤਰਾਜਯੋਗ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਇਸ ਸੰਸਥਾ ਕੋਲ ਜਿੰਨੀਆਂ ਵੀ ਗੱਡੀਆਂ ਹਨ ਉਨ੍ਹਾਂ ਦੀ ਰਜਿਸਟਰੇਸ਼ਨ ਬਕਾਇਦਾ ਸਕੱਤਰ ਸ਼੍ਰੋਮਣੀ ਕਮੇਟੀ ਜਾਂ ਸਬੰਧਤ ਮੈਨੇਜਰ ਸਾਹਿਬਾਨ ਦੇ ਨਾਮ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਾ ਨਾਮ ਉਹ ਲੋਕ ਹੀ ਵਰਤ ਜਾਂ ਲਿਖਵਾ ਸਕਦੇ ਹਨ ਜੋ ਇਸ ਸੰਸਥਾ ਵਿੱਚ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ (ਮੈਂਬਰ) ਹੋਣ।ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁਲਾਜ਼ਮ ਵੀ ਆਪਣੇ ਨਿਜੀ ਪਰਿਵਾਰਕ ਵਾਹਨਾਂ/ਗੱਡੀਆਂ ਤੇ ਐਸ.ਜੀ.ਪੀ.ਸੀ. ਤੇ ਸ੍ਰੀ ਦਰਬਾਰ ਸਾਹਿਬ ਨਹੀਂ ਲਿਖ ਸਕਦੇ।ਉਨ੍ਹਾਂ ਕਿਹਾ ਕਿ ਦਫ਼ਤਰੀ ਅਤੇ ਮੈਂਬਰ ਸਾਹਿਬਾਨ ਦੀਆਂ ਗੱਡੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ (ਐਸ.ਜੀ.ਪੀ.ਸੀ.) ਜਾਂ ਸ੍ਰੀ ਦਰਬਾਰ ਸਾਹਿਬ ਆਪਣੇ ਨਿਜੀ ਵਾਹਨਾਂ ਤੇ ਲਿਖਵਾਉਂਦੇ ਹਨ ਤਾਂ ਉਹ ਇਤਰਾਜਯੋਗ ਹੈ।ਪ੍ਰਸਾਸ਼ਨ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦਾ ਹੈ ਇਸ ਲਈ ਸੰਸਥਾ ਦੇ ਨਾਮ ਦੀ ਅਣਅਧਿਕਾਰਤ ਵਰਤੋਂ ਕਰਨ ਵਾਲੇ ਖੁਦ ਜ਼ਿੰਮੇਵਾਰ ਹੋਣਗੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਉਨ੍ਹਾਂ ਵਾਹਨਾਂ ਦੀ ਹੀ ਜ਼ਿੰਮੇਵਾਰ ਹੈ, ਜਿਨ੍ਹਾਂ ਦੀਆਂ ਰਜਿਸਟਰੇਸ਼ਨ (ਆਰ.ਸੀ.) ਮੈਨੇਜਰ ਸ਼੍ਰੋਮਣੀ ਕਮੇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਮੈਨੇਜਰ ਗੁਰਦੁਆਰਾ ਸਾਹਿਬਾਨ ਦੇ ਨਾਮ ‘ਤੇ ਹਨ।