ਸ਼੍ਰੋਮਣੀ ਕਮੇਟੀ ਵੱਲੋਂ ਬੰਗਲਾਦੇਸ਼ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਜਥੇ ਭੇਜੇ ਜਾਣਗੇ : ਭਾਈ ਗੋਬਿੰਦ ਸਿੰਘ ਲੌਂਗੋਵਾਲ
ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਆਨਲਾਈਨ ਕੈਮਰਿਆਂ ਰਾਹੀਂ ਕੇਂਦਰੀ ਦਫਤਰ ਕਰੇਗਾ ਨਿਗਰਾਨੀ : ਭਾਈ ਗੋਬਿੰਦ ਸਿੰਘ ਲੌਂਗੋਵਾਲ
ਰਸਦਾਂ ਅਤੇ ਹੋਰ ਖਰੀਦਾਂ ਸਬੰਧੀ ਤਿੰਨ ਕੇਂਦਰੀ ਸਟੋਰ ਸਥਾਪਿਤ ਕਰੇਗੀ ਸ਼੍ਰੋਮਣੀ ਕਮੇਟੀ : ਭਾਈ ਗੋਬਿੰਦ ਸਿੰਘ ਲੌਂਗੋਵਾਲ
ਪਹਿਲੇ ਪਾਤਸ਼ਾਹ ਦੇ 550ਸਾਲਾ ਪ੍ਰਕਾਸ਼ ਪੁਰਬ ਮੌਕੇ ਸੋਨੇ-ਚਾਂਦੀ ਦੇ ਸਿੱਕੇ ਤਿਆਰ ਕਰਨ ਦਾ ਫੈਸਲਾ


ਪਟਿਆਲਾ, 16 ਫਰਵਰੀ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾਦੇਸ਼ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤੀ ਜਥੇ ਭੇਜਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਇਥੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ।
ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਬੰਗਲਾਦੇਸ਼ ਵਿਖੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਜਥੇ ਭੇਜੇ ਜਾਣਗੇ। ਉਨ•ਾਂ ਦੱਸਿਆ ਕਿ ਇਸ ਸਾਲ 101 ਸ਼ਰਧਾਲੂਆਂ ਦਾ ਪਹਿਲਾ ਜਥਾ ਜਾਵੇਗਾ ਅਤੇ ਇਸ ਦੀ ਅਗਵਾਈ ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅਤੇ ਸ. ਹਰਦੇਵ ਸਿੰਘ ਰੋਗਲਾ ਕਰਨਗੇ। ਉਨ•ਾਂ ਹੋਰ ਫੈਸਲਿਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਤਿਆਰ ਕਰੇਗੀ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਆਨਲਾਈਨ ਕੈਮਰਿਆਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਵਿਧੀ ਰਾਹੀਂ ਗੁਰਦੁਆਰਾ ਸਾਹਿਬ ਦੀ ਗੋਲਕ ਗਿਣਤੀ ਅਤੇ ਸਟੋਰ ਆਦਿ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਨਾਲ ਜੋੜਿਆ ਜਾਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ, ਅਕਾਊਟੈਂਟਾਂ ਅਤੇ ਸਟੋਰ ਕੀਪਰਾਂ ਨੂੰ ਤਿੰਨ ਸਾਲ ਤੋਂ ਵੱਧ ਇਕੋ ਸਥਾਨ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ ਅਤੇ ਜਿਨ•ਾਂ ਦੀ ਸਰਵਿਸ ਤਿੰਨ ਸਾਲ ਤੋਂ ਵੱਧ ਜ਼ਿਆਦਾ ਹੋਵੇਗੀ ਉਨ•ਾਂ ਤਬਾਦਲਿਆਂ ਨੂੰ ਯਕੀਨੀ ਬਣਾਇਆ ਜਾਵੇਗਾ।
ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਇਕ ਹੋਰ ਅਹਿਮ ਫੈਸਲੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਰਸਦਾਂ ਅਤੇ ਹੋਰ ਖਰੀਦਾਂ ਸਬੰਧੀ ਤਿੰਨ ਕੇਂਦਰੀ ਸਟੋਰ ਸਥਾਪਿਤ ਕੀਤੇ ਜਾਣਗੇ, ਜਿਥੋਂ ਹਰੇਕ ਗੁਰਦੁਆਰਾ ਸਾਹਿਬਾਨ ਲਈ ਖਰੀਦ ਕੀਤੀ ਜਾ ਸਕੇਗੀ। ਇਹ ਤਿੰਨ ਸਟੋਰ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਣਾਏ ਜਾਣਗੇ।
ਉਨ•ਾਂ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਰਿਕਾਰਡ ਦਾ ਕੰਪਿਊਟਰੀਕਰਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ, ਜਿਸ ਤਹਿਤ ਗੁਰੂ ਘਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮੁਕੰਮਲ ਵੇਰਵੇ ਵੀ ਕੰਪਿਊਟਰ ਵਿਧੀ ਨਾਲ ਸੰਭਾਲੇ ਜਾਣਗੇ। ਇਸ ਤੋਂ ਇਲਾਵਾ ਦਫਤਰੀ ਰਿਕਾਰਡ ਨੂੰ ਇਸ ਪ੍ਰਕਿਰਿਆ ਰਾਹੀਂ ਸੰਭਾਲਿਆ ਜਾਵੇਗਾ। ਉਨ•ਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸਥਾਪਿਤ ਗੁਰਦੁਆਰਾ ਸ੍ਰੀ ਦਰਬਾਰ ਡੇਰਾ ਬਾਬਾ ਨਾਨਕ ਦੀ ਨਵੀਂ ਇਮਾਰਤ ਤਿਆਰ ਕਰਨ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਪਾਸੋਂ ਕਰਵਾਈ ਜਾਵੇਗੀ, ਜਿਸ ਨੂੰ 2019 ਵਿਚ ਆ ਰਹੇ 550ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਥੇ ਮੀਡੀਆ ਦੀ ਸਮਾਜ ਅੰਦਰ ਭੂਮਿਕਾ ਦੀ ਸ਼ਲਾਘਾ ਕੀਤੀ, ਉਥੇ ਹੀ ਉਨ•ਾਂ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਕਿ ਇਕ ਨਿੱਜੀ ਟੀ.ਵੀ. ਚੈਨਲ ਵੱਲੋਂ ਜਾਣ ਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਮਿਆਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ•ਾਂ ਜੀ.ਟੀ.ਵੀ. ਪੰਜਾਬੀ ਚੈਨਲ ਦਾ ਨਾਂ ਲੈਂਦਿਆਂ ਕਿਹਾ ਕਿ ਬੀਤੇ ਸਮੇਂ ਤੋਂ ਚੈਨਲ ਦੀਆਂ ਸ਼੍ਰੋਮਣੀ ਕਮੇਟੀ ਅਤੇ ਪੰਥ ਵਿਰੋਧੀ ਗਤੀਵਿਧੀਆਂ ਨੇ ਸੋਚਣ ਲਈ ਮਜ਼ਬੂਰ ਕੀਤਾ ਹੈ। ਇਸ ਲਈ ਅੰਤ੍ਰਿੰਗ ਕਮੇਟੀ ਵੱਲੋਂ ਅੱਜ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਇਸ ਚੈਨਲ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤੀਆਂ ਜਾਂਦੀਆਂ ਗਤੀਵਿਧੀਆਂ ਨਾ ਰੋਕੀਆਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚੈਨਲ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਕ ਸਵਾਲ ਦੇ ਜਵਾਬ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਦੌਰਾਨ ਉਨ•ਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਜਸਟਿਨ ਟਰੂਡੋ ਦੇ ਸਨਮਾਨ ‘ਚ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਨੇੜੇ ਇਕ ਸਮਾਗਮ ਕਰਕੇ ਉਨ•ਾਂ ਦਾ ਸਨਮਾਨ ਕੀਤਾ ਜਾਵੇਗਾ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰਾਨ ਸ. ਲਖਬੀਰ ਸਿੰਘ ਅਰਾਈਆਂਵਾਲਾ, ਸ. ਨਵਤੇਜ ਸਿੰਘ ਕਾਉਣੀ, ਸ. ਭਗਵੰਤ ਸਿੰਘ ਸਿਆਲਕਾ, ਸ. ਗੁਰਮੀਤ ਸਿੰਘ ਬੂਹ, ਸ. ਗੁਰਤੇਜ ਸਿੰਘ ਢੱਡੇ, ਸ. ਰਵਿੰਦਰ ਸਿੰਘ ਚੱਕ, ਸ. ਸੱਜਣ ਸਿੰਘ ਬੱਜੂਮਾਨ, ਸ. ਹਰਦੇਵ ਸਿੰਘ ਰੋਗਲਾ, ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ, ਬੀਬੀ ਗੁਰਪ੍ਰੀਤ ਕੌਰ ਰੂਹੀ, ਸ. ਅਮਰੀਕ ਸਿੰਘ ਸ਼ਾਹਪੁਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਚੀਮਾ ਬਾਠ ਅਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਕੇਵਲ ਸਿੰਘ, ਸ. ਪ੍ਰਤਾਪ ਸਿੰਘ, ਸ. ਪਰਮਜੀਤ ਸਿੰਘ ਸਰੋਆ ਤੇ ਸ. ਬਿਜੈ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਸ. ਦਰਸ਼ਨ ਸਿੰਘ, ਸ. ਸੁਖਮਿੰਦਰ ਸਿੰਘ ਐਕਸੀਅਨ, ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਹੋਰ ਹਾਜ਼ਰ ਸਨ।