-ਗੁਰਸਿੱਖ ਬੀ.ਡੀ.ਐਸ. ਵਿਦਿਆਰਥੀਆਂ ਲਈ ਮਾਤਾ ਤ੍ਰਿਪਤਾ ਸਕੀਮ ਲਾਗੂ ਕੀਤੀ ਗਈ
-ਵਿਦਿਆਰਥਣ ਮਨਦੀਪ ਕੌਰ ਨੂੰ ਹੱਪ ਕਵਾਨ ਡੂ ਖੇਡ ਵਿਚ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਜਿੱਤਣ ‘ਤੇ ਭਾਈ ਲੌਂਗੋਵਾਲ ਨੇ ਕੀਤਾ ਸਨਮਾਨਿਤ
-ਸ਼੍ਰੋਮਣੀ ਕਮੇਟੀ ਲੇਹ ਲਦਾਖ ਵਿਚ ਕਰਵਾਏਗੀ ਗੁਰਮਤਿ ਸਮਾਗਮ-ਭਾਈ ਲੌਂਗੋਵਾਲ

ਅੰਮ੍ਰਿਤਸਰ, 21 ਫ਼ਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਇਕੱਤਰਤਾ ਘਰ ਵਿਖੇ ਹੋਈ। ਇਸ ਇਕੱਤਰਤਾ ਵਿਚ ਗੁਰਦੁਆਰਾ ਸੈਕਸ਼ਨ ੮੫, ਸੈਕਸ਼ਨ ੮੭, ਟਰੱਸਟ ਵਿਭਾਗ ਅਤੇ ਧਰਮ ਪ੍ਰਚਾਰ ਕਮੇਟੀ ਦੇ ਮਤਿਆ ‘ਤੇ ਵਿਚਾਰ ਕੀਤੀ ਗਈ। ਇਕੱਤਰਤਾ ਦੇ ਸ਼ੁਰੂ ਵਿਚ ਪਿਛਲੇ ਦਿਨੀਂ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ‘ਤੇ ਹੋਏ ਆਤਮਘਾਤੀ ਹਮਲੇ ਵਿਚ ਮਾਰੇ ਗਏ ੪੫ ਫੌਜੀ ਜਵਾਨਾਂ ਨੂੰ ਮੂਲ ਮੰਤਰ ਦਾ ਪਾਠ ਕਰਕੇ ਸ਼ਰਧਾਜ਼ਲੀ ਭੇਟ ਕੀਤੀ ਗਈ। ਇਕੱਤਰਤਾ ਵਿਚ ਮਤਾ ਪਾਸ ਹੋਇਆ ਕਿ ਸੰਗਤ ਦੀ ਸਹੂਲਤ ਲਈ ਵਿਜੈ ਬੈਂਕ ਦੇ ਸਹਿਯੋਗ ਨਾਲ ਬੈਟਰੀ ਵਾਲੀਆਂ ਗੱਡੀਆਂ ਖ਼ਰੀਦੀਆਂ ਜਾਣਗੀਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ ਵਿਖੇ ਐਲ.ਈ.ਡੀ. ਲਗਾ ਕੇ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਅਤੇ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾਇਆ ਕਰੇਗੀ। ਇਸ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਤ੍ਰਿਪਤਾ ਸਕੀਮ ਲਾਗੂ ਕਰਕੇ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਸ੍ਰੀ ਅੰਮ੍ਰਿਤਸਰ ਦੀਆਂ ਅੰਮ੍ਰਿਤਧਾਰੀ ਵਿਦਿਆਰਥਣਾਂ ਜਿਨ੍ਹਾਂ ਦੇ ਮਾਪੇ ਵੀ ਅੰਮ੍ਰਿਤਧਾਰੀ ਹੋਣਗੇ, ਉਨ੍ਹਾਂ ਤੋਂ ਫੀਸ ਵਿਚ ਹਰ ਸਾਲ ਹੋਣ ਵਾਲਾ ਵਾਧਾ ਨਹੀਂ ਲਿਆ ਜਾਏਗਾ। ਇਹ ਸਕੀਮ ਸਿਰਫ਼ ਉਨ੍ਹਾਂ ਵਿਦਿਆਰਥਣਾਂ ‘ਤੇ ਹੀ ਲਾਗੂ ਹੋਵੇਗੀ ਜਿਨ੍ਹਾਂ ਨੇ ਪਹਿਲਾਂ ਵੀ ਆਪਣੀ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਕਾਲਜਾਂ ਤੋਂ ਪ੍ਰਾਪਤ ਕੀਤੀ ਹੋਵੇਗੀ। ਇਸ ਮੌਕੇ ‘ਤੇ ਮਾਨਯੋਗ ਪ੍ਰਧਾਨ ਸਾਹਿਬ ਨੇ ਪ੍ਰੈੱਸ ਮੀਟਿੰਗ ਦੌਰਾਨ ਦੱਸਿਆ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਚ ਜੈਤੋ ਦੇ ਸ਼ਹੀਦ ਭਾਈ ਦਇਆ ਸਿੰਘ, ਸੰਤ ਗਿਆਨੀ ਵਰਿਆਮ ਸਿੰਘ ਧੂਲਕੋਟ, ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ, ਸ. ਮਨਜੀਤ ਸਿੰਘ ਕਲਕੱਤਾ, ਸ. ਧੰਨਾ ਸਿੰਘ ਗੁਲਸ਼ਨ, ਸ. ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਿੰਸੀਪਲ ਚੰਨਣ ਸਿੰਘ ਜੀ ਮਜ਼ਬੂਰ, ਭਾਈ ਅਵਤਾਰ ਸਿੰਘ ਬੱਬਰ ਅਤੇ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆਂ ਜਾਣਗੀਆਂ। ਇਸ ਮੌਕੇ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫਾਰ ਗਰਲਜ਼ ਝਾੜ ਸਾਹਿਬ ਦੀ ਵਿਦਿਆਰਥਣ ਮਨਦੀਪ ਕੌਰ ਨੂੰ ਹੱਪ ਕਵਾਨ ਡੂ ਖੇਡ ਵਿਚ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਜਿੱਤਣ ‘ਤੇ ੩੧ ਹਜ਼ਾਰ ਰੁਪਏ, ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਪ੍ਰਿੰਸੀਪਲ ਡਾ. ਰਜਿੰਦਰ ਕੌਰ ਵੀ ਹਾਜ਼ਰ ਸਨ। ਪਿੰਡ ਚੱਕਰ ਲੁਧਿਆਣਾ ਦੀ ਬੀਬੀ ਸਿਮਰਨਜੀਤ ਕੌਰ ਨੂੰ ਬੋਕਸਿੰਗ ਵਿਚ ਕਾਸੀ ਦਾ ਤਗਮਾ ਜਿੱਤਣ ‘ਤੇ ੨੧ ਹਜ਼ਾਰ ਰੁਪਏ ਅਤੇ ਗੁਰਸਿੱਖ ਬੱਚੇ ਨਵਤੇਜ ਸਿੰਘ ਕਰਤਾਰਪੁਰ ਨੂੰ ਬਾਡੀ ਬਿਲਡਰ ਵਿਚ ਇੰਟਰਨੈਸ਼ਨਲ ਪੱਧਰ ‘ਤੇ ਕਈ ਤਗਮੇ ਪ੍ਰਾਪਤ ਕਰਨ ਕਾਰਨ ੫੧ ਹਜ਼ਾਰ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਿੱਕਰ ਸਿੰਘ ਚੰਨੂ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰਾਨ ਭਾਈ ਮਨਜੀਤ ਸਿੰਘ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ. ਅਮਰੀਕ ਸਿੰਘ ਕੋਟ ਸ਼ਮੀਰ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਭੁਪਿੰਦਰ ਸਿੰਘ ਭਲਵਾਨ, ਸ. ਤਾਰਾ ਸਿੰਘ ਸੱਲਾ, ਸ. ਅਮਰੀਕ ਸਿੰਘ ਵਿਛੋਆ, ਸ. ਸ਼ਿੰਗਾਰਾ ਸਿੰਘ ਲੋਹੀਆਂ, ਸ. ਜਗਜੀਤ ਸਿੰਘ ਤਲਵੰਡੀ, ਬੀਬੀ ਜਸਬੀਰ ਕੌਰ ਜੱਫਰਵਾਲ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਮਹਿੰਦਰ ਸਿੰਘ ਆਹਲੀ ਤੇ ਸ. ਕੇਵਲ ਸਿੰਘ ਗਿੱਲ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਸ. ਸੁਲੱਖਣ ਸਿੰਘ ਭੰਗਾਲੀ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ. ਸਮੇਤ ਹੋਰ ਹਾਜ਼ਰ ਸਨ।

ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ‘ਚ ਵੀ ਲਏ ਗਏ ਅਹਿਮ ਫੈਸਲੇ

ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਦੀ ਹੋਈ ਇਕੱਤਰਤਾ ਵਿਚ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਅੰਮ੍ਰਿਤਸਰ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਹਰ ਸਾਲ ੧ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ‘ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਲੇਹ ਲਦਾਖ ਵਿਖੇ ਗੁਰਮਤਿ ਸਮਾਗਮ ਕਰਵਾ ਕੇ ਸਥਾਨਕ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਏਗੀ। ਇਸੇ ਦੌਰਾਨ ਸਵ: ਡਾ. ਰਘਬੀਰ ਸਿੰਘ ਬੈਂਸ ਦੀ ਯਾਦ ਵਿਚ ਉਨ੍ਹਾਂ ਦੇ ਪਿੰਡ ਵਿਚ ਬਣ ਰਹੀ ਲਾਇਬ੍ਰੇਰੀ ਨੂੰ ੫੦ ਹਜ਼ਾਰ ਰੁਪਏ ਦੀਆਂ ਕਿਤਾਬਾਂ ਖ਼ਰੀਦ ਕੇ ਦੇਣ ਦਾ ਫੈਸਲਾ ਵੀ ਕੀਤਾ। ਇਸ ਮੌਕੇ ‘ਤੇ ਮਾਨਯੋਗ ਪ੍ਰਧਾਨ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ ਭਰਿਆ ਬਣਾਉਣ ਦੀ ਚਲ ਰਹੀ ਮਹਿੰਮ ਅਧੀਨ ਵਾਰਟੀਕਲ ਗਾਰਡਨ ਵਿਚ ਬੂਟਾ ਵੀ ਲਗਾਇਆ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਪ੍ਰਿਤਪਾਲ ਸਿੰਘ, ਸ. ਸੁਖਵਰਸ਼ ਸਿੰਘ ਪੰਨੂ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਸ. ਤੇਜਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਬਿਜੈ ਸਿੰਘ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ ਤੇ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਆਦਿ ਮੌਜੂਦ ਸਨ।