ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਖੁੱਲ੍ਹੇਗਾ ਆਈ.ਏ.ਐਸ., ਆਈ.ਪੀ.ਐਸ. ਦੀ ਤਿਆਰੀ ਲਈ ਕੋਚਿੰਗ ਸੈਂਟਰ – ਭਾਈ ਲੌਂਗੋਵਾਲ

ਯੂ.ਪੀ.ਐਸ.ਸੀ. ’ਚੋਂ 44ਵਾਂ ਰੈਂਕ ਹਾਸਲ ਕਰਨ ਵਾਲੀ ਸਿੱਖ ਲੜਕੀ ਅੰਮ੍ਰਿਤਪਾਲ ਕੌਰ ਨੂੰ 1 ਲੱਖ ਰੁਪਏ ਦੇਣ ਦਾ ਫੈਸਲਾ

ਸੁਲਤਾਨਪੁਰ ਲੋਧੀ, 9 ਜੂਨ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੋਚਿੰਗ ਸੈਂਟਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਵੀ ਲਏ ਗਏ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਈ.ਏ.ਐਸ., ਆਈ.ਪੀ.ਐਸ. ਅਤੇ ਪੀ.ਸੀ.ਐਸ. ਦੀ ਤਿਆਰੀ ਲਈ ਇਕ ਕੇਂਦਰ ਖੋਲ੍ਹਿਆ ਜਾਵੇਗਾ, ਜਿਸ ਵਿਚ ਸਿੱਖ ਵਿਦਿਆਰਥੀਆਂ ਦੀ ਇਨ੍ਹਾਂ ਮੁਕਾਬਲਾ ਪ੍ਰੀਖਿਆਵਾਂ ਲਈ ਫਰੀ ਤਿਆਰੀ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਨੌਜੁਆਨੀ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਨ ਲਈ ਇਥੇ ਹੀ ਗਤਕਾ ਅਕੈਡਮੀ ਵੀ ਖੋਲ੍ਹੀ ਜਾਵੇਗੀ। ਕੋਚਿੰਗ ਸੈਂਟਰ ਅਤੇ ਗਤਕਾ ਅਕੈਡਮੀ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦਾ ਵਿਸ਼ੇਸ਼ ਸਹਿਯੋਗ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕੱਤਰਤਾ ਦੌਰਾਨ 1984 ਵਿਚ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ 37 ਦੇ ਕਰੀਬ ਹੋਰ ਗੁਰਦੁਆਰਿਆਂ ’ਤੇ ਕੀਤੇ ਗਏ ਹਮਲੇ ਸਮੇਂ ਸ਼ਹੀਦ ਹੋਏ ਸਿੰਘ/ਸਿੰਘਣੀਆਂ ਦੇ ਵੇਰਵੇ ਇਕੱਤਰ ਕਰਕੇ ਸਦੀਵੀ ਯਾਦ ਸਥਾਪਤ ਕਰਨ ਦਾ ਫੈਸਲਾ ਵੀ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਚੋਰੀ ਕੀਤੇ ਗਏ ਸਾਹਿਤਕ ਖ਼ਜ਼ਾਨੇ ਦੀ ਵਾਪਸੀ ਬਾਰੇ ਛਪੀਆਂ ਖ਼ਬਰਾਂ ਦੇ ਸਬੰਧ ਵਿਚ 13 ਜੂਨ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਮੌਜੂਦਾ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਇਕੱਤਰਤਾ ਬੁਲਾਈ ਗਈ ਹੈ, ਜੋ ਇਸ ਮਾਮਲੇ ਬਾਰੇ ਤੱਥ ਪੜਚੋਲ ਕਰੇਗੀ। ਇਸ ਮਗਰੋਂ ਅਗਲੀ ਕਾਰਵਾਈ ਹੋਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਅਨੁਸਾਰ ਇਕੱਤਰਤਾ ਵਿਚ ਯੂ.ਪੀ.ਐਸ.ਸੀ. ਦੇ ਇਮਤਿਹਾਨ ਵਿੱਚੋਂ 44ਵਾਂ ਰੈਂਕ ਹਾਸਲ ਕਰਕੇ ਆਈ.ਏ.ਐਸ. ਬਣਨ ਵਾਲੀ ਨਾਨੋਵਾਲ ਖੁਰਦ (ਗੁਰਦਾਸਪੁਰ) ਦੀ ਲੜਕੀ ਅੰਮ੍ਰਿਤਪਾਲ ਕੌਰ ਨੂੰ 1 ਲੱਖ ਰੁਪਏ ਸਨਮਾਨ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਵਿਚ ਬੇਹਤਰ ਕਾਰਗੁਜ਼ਾਰੀ ਦਿਖਾਉਣ ਲਈ ਉਤਸ਼ਾਹਤ ਕਰਦੀ ਰਹੇਗੀ।
ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਗ ਲੱਗਣ ਕਾਰਨ ਦੁਕਾਨਾਂ ਸੜਨ ਦੀ ਜੋ ਮੰਦਭਾਗੀ ਘਟਨਾ ਵਾਪਰੀ ਹੈ, ਦੇ ਪ੍ਰਭਾਵਤ ਦੁਕਾਨਦਾਰਾਂ ਨਾਲ ਸ਼੍ਰੋਮਣੀ ਕਮੇਟੀ ਹਮਦਰਦੀ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਬ-ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਅਨੁਸਾਰ ਦੁਕਾਨਦਾਰਾਂ ਦੀ ਸਹਾਇਤਾ ਕੀਤੀ ਜਾਵੇਗੀ। ਅੰਤ੍ਰਿੰਗ ਕਮੇਟੀ ਵੱਲੋਂ ਹਲਕਾ ਭਾਦਸੋਂ ਦੇ ਪਿੰਡ ਮਟੋਰਡਾ ਅਤੇ ਪੇਦਣ ਦੀਆਂ ਧਾਰਮਿਕ ਯਾਤਰਾ ਉੱਤੇ ਜਾ ਰਹੀਆਂ ਸੰਗਤਾਂ ਦੀ ਬੱਸ ਹਾਦਸਾ ਗ੍ਰਸਤ ਹੋਣ ਕਾਰਨ ਚਲਾਣਾ ਕਰ ਗਏ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ, ਚਾਰ ਗੰਭੀਰ ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ, ਇਕ ਨੂੰ 10 ਹਜ਼ਾਰ ਰੁਪਏ ਅਤੇ ਨੌਂ ਹੋਰ ਜ਼ਖ਼ਮੀਆਂ ਨੂੰ 5-5 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਦੇਵ ਸਿੰਘ ਬਾਠ, ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਅਤੇ ਫੈਡਰੇਸ਼ਨ ਦੇ ਮੋਢੀ ਡਾ. ਸੰਤੋਖ ਸਿੰਘ ਭੋਪਾਲ ਦੇ ਅਕਾਲ ਚਲਾਣ ਸਬੰਧੀ ਸ਼ੋਕ ਮਤੇ ਵੀ ਪੜ੍ਹੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਨੂੰ ਵੀ ਵਿਚਾਰਿਆ ਗਿਆ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਿੱਕਰ ਸਿੰਘ ਚੰਨੂ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰਾਨ ਭਾਈ ਮਨਜੀਤ ਸਿੰਘ ਭੂਰਾਕੋਹਨਾ, ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ, ਸ. ਖੁਸ਼ਵਿੰਦਰ ਸਿੰਘ ਭਾਟੀਆ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਭੁਪਿੰਦਰ ਸਿੰਘ ਭਲਵਾਨ, ਸ. ਜਗਜੀਤ ਸਿੰਘ ਤਲਵੰਡੀ, ਜਥੇਦਾਰ ਤਾਰਾ ਸਿੰਘ ਸੱਲ੍ਹਾ, ਸ. ਸ਼ਿੰਗਾਰਾ ਸਿੰਘ ਲੋਹੀਆਂ, ਸ. ਅਮਰੀਕ ਸਿੰਘ ਵਿਛੋਆ, ਬੀਬੀ ਜਸਬੀਰ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਸ. ਦਰਸ਼ਨ ਸਿੰਘ ਪੀ.ਏ., ਸ. ਸਤਨਾਮ ਸਿੰਘ ਰਿਆੜ ਮੈਨੇਜਰ ਆਦਿ ਮੌਜੂਦ ਸਨ।