1-01-2016ਅੰਮ੍ਰਿਤਸਰ 1 ਜਨਵਰੀ (        )   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਵਿਚੋਂ ਚਾਰ ਜਿਨ੍ਹਾਂ ਵਿਚ ਭਾਈ ਸਤਨਾਮ ਸਿੰਘ (ਸਪੁੱਤਰ ਸ. ਮੇਜਾ ਸਿੰਘ), ਭਾਈ ਸਤਨਾਮ ਸਿੰਘ (ਸਪੁੱਤਰ ਸ. ਹਰਭਜਨ ਸਿੰਘ), ਭਾਈ ਮੰਗਲ ਸਿੰਘ ਅਤੇ ਭਾਈ ਤਰਲੋਕ ਸਿੰਘ ਦੇ ਨਾਮ ਸ਼ਾਮਲ ਹਨ ਨੂੰ ਸਰਵਿਸ ਨਿਯਮਾਂ ਦੀ ਉਲੰਘਣਾ ਤੇ ਸਿੱਖ ਸੰਸਥਾਵਾਂ ਨੂੰ ਢਾਹ ਲਾਗਾਉਣ, ਪੰਥ ਵਿਰੋਧੀ ਕਾਰਵਾਈਆਂ ਕਰਨ ਕਰਕੇ ਸ਼੍ਰੋਮਣੀ ਕਮੇਟੀ ਵਿਚੋਂ ਫਾਰਗ ਕਰਨ ਦਾ ਫੈਸਲਾ ਲਿਆ ਹੈ।ਯਾਦ ਰਹੇ ਕਿ ਪੰਜਵਾਂ ਮੁਲਾਜ਼ਮ ਭਾਈ ਮੇਜਰ ਸਿੰਘ ਪਹਿਲਾਂ ਹੀ ੩੧ ਦਸੰਬਰ ੨੦੧੫ ਨੂੰ ਸੇਵਾ-ਮੁਕਤ ਹੋ ਚੁੱਕਾ ਹੈ।
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਚਾਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਉਪਰ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਅੰਤ੍ਰਿੰਗ ਕਮੇਟੀ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਇਹ ਕਾਰਵਾਈਆਂ ਪੰਥ ਵਿਰੋਧੀ, ਸਿੱਖ ਸੰਸਥਾਵਾਂ ਨੂੰ ਢਾਅ ਲਗਾਉਣ ਵਾਲੀਆਂ, ਮੁਲਾਜ਼ਮਤ ਦੇ ਪੱਖੋਂ ਗ਼ੈਰ-ਅਨੁਸ਼ਾਸ਼ਨਿਕ ਅਤੇ ਸੇਵਾ ਦੇ ਨਿਯਮਾਂ ਦੀਆਂ ਘੋਰ ਉਲੰਘਣਾਵਾਂ ਹਨ।
ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਰੀ ਬਿਆਨ ਵਿਚ ਜਥੇਦਾਰ ਅਵਤਾਰ ਸਿੰਘ ਨੇ ਸਮੁੱਚੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਕਤ ਪੰਜ ਪਿਆਰੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਮੁਲਾਜ਼ਮ ਹਨ ਅਤੇ ਇਨ੍ਹਾਂ ‘ਤੇ ਹਰ ਤਰ੍ਹਾਂ ਦੇ ਸਰਵਿਸ ਨਿਯਮ ਲਾਗੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਆਪਣੇ ਮੁਲਾਜ਼ਮਾਂ ਪਾਸੋਂ ਸਰਵਿਸ ਨਿਯਮਾਂ ਤਹਿਤ ਦੇਸ਼ ਵਿਦੇਸ਼ ਵਿਚ ਕਿਤੇ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਅਜਿਹੀ ਕਿਸੇ ਵੀ ਮਨਮੱਤੀ ਕਾਰਵਾਈ ਜੋ ਕਿ ਸਿੱਖ ਕੌਮ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨ ਨੂੰ ਢਾਅ ਲਗਾਉਣ ਵਾਲੀ ਹੋਵੇ, ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜ ਪਿਆਰਿਆਂ ਦਾ ਸਿੱਖ ਕੌਮ ਅੰਦਰ ਬਹੁਤ ਹੀ ਅਹਿਮ ਤੇ ਸਤਿਕਾਰਤ ਸਥਾਨ ਹੈ ਅਤੇ ਪੰਥਕ ਰਹਿਤ-ਮਰਿਆਦਾ ਮੁਤਾਬਿਕ ਸਾਰੇ ਤਖਤ ਸਾਹਿਬਾਨ ਉਪਰ ਅੰਮ੍ਰਿਤ ਸੰਚਾਰ ਅਤੇ ਧਰਮ ਪ੍ਰਚਾਰ ਦੇ ਕਾਰਜਾਂ ਲਈ ਪੰਜ ਪਿਆਰਿਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਸਾਰੇ ਹੀ ਤਖਤ ਸਾਹਿਬਾਨਾਂ ਉਪਰ ਪੰਜ ਪਿਆਰੇ ਸਾਹਿਬਾਨ ਨਿਯੁਕਤ ਕੀਤੇ ਜਾਂਦੇ ਹਨ ਅਤੇ ਤਖਤ ਸਾਹਿਬਾਨ ਤੋਂ ਇਲਾਵਾ ਹੋਰ ਗੁਰਦੁਆਰਾ ਸਾਹਿਬਾਨ ਵਿਚ ਵੀ ਪੰਜ ਪਿਆਰਿਆਂ ਦੀਆਂ ਸੇਵਾਵਾਂ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਲਈ ਲਈਆਂ ਜਾਂਦੀਆਂ ਹਨ।ਇਸ ਦੇ ਨਾਲ-ਨਾਲ ਵਿਸ਼ੇਸ਼ ਇਤਿਹਾਸਕ ਸਮਾਗਮਾਂ ਅਤੇ ਗੁਰਪੁਰਬਾਂ ਮੌਕੇ ਸਜਾਏ ਜਾਂਦੇ ਨਗਰ ਕੀਰਤਨਾਂ ਵਿਚ ਵੀ ਪੰਜ ਪਿਆਰੇ ਸੋਭਦੇ ਹਨ, ਪਰ ਕਿਸੇ ਮੁਲਾਜ਼ਮ ਵੱਲੋਂ ਮਨਮੱਤੀ ਕਾਰਵਾਈਆਂ ਨੂੰ ਅੰਜਾਮ ਦੇਣਾ ਸਰਵਿਸ ਨਿਯਮਾਂ ਦੀ ਉਲੰਘਣਾ ਕਰਨਾ ਹੈ, ਜਿਸ ਨੂੰ ਕਦੀ ਵੀ ਮੁਆਫ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕੱਲੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਅੰਮ੍ਰਿਤ ਸੰਚਾਰ ਦੇ ਕਾਰਜਾਂ ਲਈ ਪੰਜ ਪਿਆਰਿਆਂ ਦੇ ਤਿੰਨ ਵੱਖ-ਵੱਖ ਜਥੇ ਮੌਜੂਦ ਹਨ, ਜੋ ਗੁਰੂ-ਆਸ਼ੇ ਮੁਤਾਬਿਕ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਤਕ ਇਤਿਹਾਸ ਵਿਚ ਕਿਸੇ ਵੀ ਪੰਜ ਪਿਆਰੇ ਸਾਹਿਬਾਨ ਨੇ ਆਪਣੀਆਂ ਨਿਯਮਿਤ ਸੇਵਾਵਾਂ ਤੋਂ ਬਾਹਰ ਜਾ ਕੇ ਕੋਈ ਅਜਿਹਾ ਫੈਸਲਾ ਨਹੀਂ ਕੀਤਾ ਜੋ ਕੌਮ ਵਿਚ ਦੁਬਿਧਾ ਪੈਦਾ ਕਰਨ ਵਾਲਾ ਜਾਂ ਪੰਥਕ ਸੰਸਥਾਵਾਂ ਨੂੰ ਢਾਅ ਲਗਾਉਣ ਵਾਲਾ ਹੋਵੇ। ਹਮੇਸ਼ਾ ਕੌਮ ਦੇ ਫੈਸਲੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਿਕ ਤਖਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੁਸ਼ੋਭਿਤ ਜਥੇਦਾਰ ਸਾਹਿਬ ਵੱਲੋਂ ਬਾਕੀ ਸਿੰਘ ਸਾਹਿਬਾਨ ਦੀ ਰਾਇ ਨਾਲ ਲਏ ਜਾਂਦੇ ਹਨ ਅਤੇ ਅੱਜ ਤਕ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਪੰਜ ਪਿਆਰਿਆਂ ਦੇ ਕਿਸੇ ਜਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਕਿਸੇ ਵੀ ਫੈਸਲੇ ‘ਤੇ ਕਿੰਤੂ-ਪ੍ਰੰਤੂ ਕੀਤਾ ਹੋਵੇ ਜਾਂ ਇਸ ਵਿਰੁੱਧ ਆਪਣੇ ਵਿਚਾਰ ਪ੍ਰਗਟ ਕੀਤੇ ਹੋਣ। ਸਗੋਂ ਪੰਜ ਪਿਆਰੇ ਤਾਂ ਹਮੇਸ਼ਾ ਹੀ ਸੰਗਤ ਨੂੰ ਤਖਤ ਸਾਹਿਬਾਨ ਨਾਲ ਜੋੜਨ ਦੀ ਪ੍ਰੇਰਨਾ ਕਰਦੇ ਹਨ।ਆਪਣਾ ਬਿਆਨ ਜਾਰੀ ਰੱਖਦੇ ਹੋਏ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਹਿਲੀ ਵਾਰੀ ਗੁਰੂ-ਪੰਥ ਵਿਚ ਅਜਿਹੀ ਹਿਰਦੇਵੇਧਕ ਘਟਨਾ ਵਾਪਰੀ ਹੈ ਕਿ ਕਿਸੇ ਵੱਡੀ ਸਾਜ਼ਿਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੇਵਾ ਨਿਭਾਅ ਰਹੇ ਤਿੰਨ ਜਥਿਆਂ ਵਿਚੋਂ ਪੰਜ ਪਿਆਰਿਆਂ ਦੇ ਇੱਕ ਜਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਦੀ ਘੋਰ ਅਵੱਗਿਆ ਕੀਤੀ ਹੈ। ਇਸ ਅਨੋਖੀ ਘਟਨਾ ਨੇ ਜਿਥੇ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਦੇ ਵੱਕਾਰ ਨੂੰ ਵੱਡੀ ਢਾਅ ਲਾਈ ਹੈ, ਉਥੇ ਇਸ ਜਥੇ ਵਿਚ ਉਪਰੋਕਤ ਚਾਰਾਂ ਵਿਅਕਤੀਆਂ ਦੀਆਂ ਪੰਥ ਵਿਰੋਧੀ ਸਾਜ਼ਿਸ਼ਾਂ ਤੇ ਚਾਲਾਂ ਦਾ ਭੇਦ ਵੀ ਖੋਲ੍ਹ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਕੌਮ ਬੜੀ ਗੰਭੀਰ ਸਮੱਸਿਆ ਅਤੇ ਮਾਨਸਿਕ ਪੀੜਾ ਵਿਚੋਂ ਲੰਘ ਰਹੀ ਹੈ।ਜੇਕਰ ਇਸ ਤਰ੍ਹਾਂ ਵੱਖ-ਵੱਖ ਇਤਿਹਾਸਕ ਸਥਾਨਾਂ ਤੋਂ ਪੰਜ ਪਿਆਰੇ ਸਾਹਿਬਾਨ ਹੀ ਤਖਤ ਸਾਹਿਬਾਨ ਦੀ ਮਾਣ-ਮਰਿਆਦਾ ਅਤੇ ਪੰਥਕ ਰਿਵਾਇਤਾਂ ਦੇ ਉਲਟ ਫੈਸਲੇ ਲੈਣੇ ਸ਼ੁਰੂ ਕਰ ਦੇਣਗੇ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ-ਉੱਚਤਾ ‘ਤੇ ਵੱਡਾ ਸਵਾਲ ਹੋਏਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਇਨ੍ਹ੍ਹਾਂ ਚਾਰ ਮੁਲਾਜ਼ਮਾਂ ਜੋ ਪੰਜ ਪਿਆਰਿਆਂ ਵਜੋਂ ਸੇਵਾ ਕਰਦੇ ਰਹੇ ਹਨ ਵੱਲੋਂ ਰਚੀ ਗਈ ਗੰਭੀਰ ਸਾਜ਼ਿਸ਼ ਨੂੰ ਨਾ-ਕਾਬਲੇ ਬਰਦਾਸ਼ਤ ਕਾਰਵਾਈ ਮੰਨਦੀ ਹੈ ਤੇ ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧ ਦੇ ਨਿਯਮਾਂ ਅਤੇ ਅਸੂਲਾਂ ਦੀ ਘੋਰ ਉਲੰਘਣਾ ਵੀ ਮੰਨਦੀ ਹੈ।ਇਸ ਲਈ ਅੱਜ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੱਲੋਂ ਇਨ੍ਹਾਂ ਚਾਰਾਂ ਮੁਲਾਜ਼ਮਾਂ ਨੂੰ ਭਾਈ ਸਤਨਾਮ ਸਿੰਘ (ਸਪੁੱਤਰ ਸ. ਮੇਜਾ ਸਿੰਘ), ਭਾਈ ਸਤਨਾਮ ਸਿੰਘ (ਸਪੁੱਤਰ ਸ. ਹਰਭਜਨ ਸਿੰਘ), ਭਾਈ ਮੰਗਲ ਸਿੰਘ ਅਤੇ ਭਾਈ ਤਰਲੋਕ ਸਿੰਘ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜ਼ਮਤ ਦੀਆਂ ਸੇਵਾਵਾਂ ਤੋਂ ਬਰਤਰਫ ਕਰਨ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਗੁਰਦੁਆਰਾ ਪ੍ਰਬੰਧ ਵਿਚ ਮਰਿਆਦਾ ਬਹਾਲ ਰਹੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਹਮੇਸ਼ਾ ਬਣੀ ਰਹੇ।
ਅੱਜ ਦੀ ਇਕੱਤਰਤਾ ਵਿੱਚ ਜਥੇਦਾਰ ਅਵਤਾਰ ਸਿੰਘ ਤੋਂ ਇਲਾਵਾ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ.ਕਰਨੈਲ ਸਿੰਘ ਪੰਜੋਲੀ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ. ਭਜਨ ਸਿੰਘ ਸ਼ੇਰਗਿੱਲ, ਸ.ਮੋਹਣ ਸਿੰਘ ਬੰਗੀ ਤੇ ਸ. ਮੰਗਲ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ ਤੋਂ ਇਲਾਵਾ ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ.ਅਵਤਾਰ ਸਿੰਘ ਸਕੱਤਰ ਆਦਿ ਹਾਜ਼ਰ ਸਨ।