ਅੰਮ੍ਰਿਤਸਰ, ੨੧ ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧ ਵਿਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਨਗਰਾਂ, ਸ਼ਹਿਰਾਂ ਵਿਚ ਵਿਸ਼ੇਸ਼ ਸੈਮੀਨਾਰ, ਨਗਰ ਕੀਰਤਨ ਅਤੇ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਜੰਮੂ-ਕਸ਼ਮੀਰ ‘ਚ ਨੌਸ਼ਿਹਰਾ ਖੇਤਰ ਦੇ ਗੁਰਦੁਆਰਾ ਬਾਬਾ ਸੁੰਦਰ ਸਿੰਘ ਜੀ ਅਲੀਬੇਗ, ਤਹਿਸੀਲ ਨੋਨਿਹਾਲ (ਰਾਜੋਰੀ), ਗੁਰਦੁਆਰਾ ਸਿੰਘ ਸਭਾ ਅਬਧਾਲ ਸਾਂਭਾ, ਗੁਰਦੁਆਰਾ ਸਿੰਘ ਸਭਾ ਊਧਮਪੁਰ ਵਿਖੇ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਸ਼ੇਸ ਸਮਾਗਮ ਕੀਤੇ ਗਏ।
ਗੁਰਦੁਆਰਾ ਬਾਬਾ ਸੁੰਦਰ ਸਿੰਘ ਜੀ ਬੇਦੀ ਅਲੀਬੇਗ ਨੌਸ਼ਿਹਰਾ ਵਿਖੇ ਕਰਵਾਏ ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਜਗਦੀਪ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਪੱਧਰ ‘ਤੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ੨੨ ਸਤੰਬਰ ਨੂੰ ਵਿਸ਼ੇਸ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ੧ ਅਕਤੂਬਰ ਨੂੰ ਗੁਰਦੁਆਰਾ ਕੋੜ੍ਹੀ ਵਾਲਾ ਘਾਟ, ਤ੍ਰਿਕੁਟੀਆ, ਜਿਲ੍ਹਾ ਲਖੀਮਪੁਰ ਖੀਰੀ, (ਯੂ.ਪੀ.) ਤੋਂ ਇਕ ਵਿਸ਼ੇਸ ਨਗਰ ਕੀਰਤਨ ਆਰੰਭ ਹੋਵੇਗਾ ਜੋ ੮ ਅਕਤੂਬਰ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ ਅਤੇ ੯ ਅਕਤੂਬਰ ਨੂੰ ਇਥੇ ਵਿਸ਼ੇਸ ਸਮਾਗਮ ਹੋਣਗੇ। ਸ. ਬੇਦੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਨਜਦੀਕ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਜਿਥੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਹਨ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਿਸ਼ੇਸ ਗੁਰਮਤਿ ਸਮਾਗਮ ੧੦-੧੧ ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰ ਥਾਵਾਂ ‘ਤੇ ਵੀ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਸਬੰਧਤ ਸਮਾਗਮਾਂ ਵਿਚ ਹਾਜਰੀਆਂ ਭਰਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਸਿੱਖ ਮਿਸ਼ਨ ਜੰਮੂ-ਕਸ਼ਮੀਰ ਵੱਲੋਂ ਸ. ਸਵਰਨ ਸਿੰਘ ਦੇ ਸਹਿਯੋਗ ਨਾਲ ਵਿਸ਼ੇਸ ਅੰਮ੍ਰਿਤ ਸੰਚਾਰ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ ੩੦ ਸਤੰਬਰ ਨੂੰ ਸੈਨਿਕ ਕਲੋਨੀ ਜੰਮੂ, ੭ ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਅਬਧਾਲ ਸਾਂਭਾ, ੧੮ ਅਕਤੂਬਰ ਨੂੰ ਨਵਾਂ ਸ਼ਹਿਰ ਜੰਮੂ ਵਿਖੇ ਅੰਮ੍ਰਿਤ ਸੰਚਾਰ ਹੋਣਗੇ।
ਇਸ ਮੌਕੇ ਸਥਾਨਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕੁਝ ਜਰੂਰੀ ਮੰਗਾਂ ਮੰਗੀਆਂ ਗਈਆਂ ਜਿਨ੍ਹਾਂ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਸ. ਬੇਦੀ ਵੱਲੋਂ ਪੂਰਿਆਂ ਕੀਤੇ ਜਾਣ ਦਾ ਭਰੋਸਾ ਦਵਾਇਆ। ਇਸ ਮੌਕੇ ਸ. ਮਦਨ ਸਿੰਘ ਪ੍ਰਧਾਨ, ਸ. ਹਰਮਿੰਦਰ ਸਿੰਘ ਜਨਰਲ ਸਕੱਤਰ, ਸ. ਕਿਰਪਾਲ ਸਿੰਘ ਸਕੱਤਰ, ਸ. ਸਵਰਨ ਸਿੰਘ ਖਜਾਨਚੀ ਅਤੇ ਸ. ਅਮਰੀਕ ਸਿੰਘ ਮੈਨੇਜਰ ਆਦਿ ਹਾਜ਼ਰ ਸਨ।