ਅੰਮ੍ਰਿਤਸਰ 13 ਅਕਤੂਬਰ (  ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ਸਿੱਖ ਕੈਦੀ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਨ ਦੇ ਆਦੇਸ਼ ਦੀ ਸ਼ਲਾਘਾ ਕੀਤੀ ਹੈ।
ਦਫਤਰ ਤੋਂ ਜਾਰੀ ਪ੍ਰੈਸ ਦੇ ਨਾਮ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਕੱਟ ਰਹੇ ੭੦ ਸਾਲਾ ਭਾਈ ਵਰਿਆਮ ਸਿੰਘ ਦੀ ਰਿਹਾਈ ਲਈ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਵਾਰ ਯੂ.ਪੀ ਦੇ ਗਵਰਨਰ ਨੂੰ ਮਿਲੇ ਸਨ ਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਲਿਖਤੀ ਅਪੀਲ ਵੀ ਕੀਤੀ ਜੋ ਭਾਈ ਵਰਿਆਮ ਸਿੰਘ ਦੀ ਰਿਹਾਈ ਲਈ ਰੰਗ ਲਿਆਈ ਹੈ।ਸ. ਬੇਦੀ ਨੇ ਜਥੇ. ਅਵਤਾਰ ਸਿੰਘ ਵੱਲੋਂ ਕੇਂਦਰ ਸਰਕਾਰ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਉਚੇਚੇ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਜੋ ਕੈਦੀ ਆਪਣੀ ਰਿਹਾਈ ਦੇ ਸਮੇਂ ਤੋਂ ਵੀ ਜ਼ਿਆਦਾ ਸਮਾਂ ਕੈਦ ਕੱਟ ਚੁੱਕੇ ਹਨ।ਉਨ੍ਹਾਂ ਦੀ ਰਿਹਾਈ ਵੀ ਜਲਦ ਤੋਂ ਜਲਦ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਰਿਹਾਈ ਕੇਂਦਰ ਸਰਕਾਰ ਦਾ ਚੰਗੇਰਾ ਯਤਨ ਹੈ।