DSC00211 copyਅੰਮ੍ਰਿਤਸਰ 29 ਅਪ੍ਰੈਲ (    ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਮਿਲਣ ਨਾਲ ਹੁਣ ਸਾਡੀ ਟੀਮ ਇਸ ਨਾਮੀ ਸੰਸਥਾ ਦੇ ਝੰਡੇ ਹੇਠ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ।ਇਸ ਨਾਲ ਖਿਡਾਰੀਆਂ ਦੇ ਹੌਂਸਲੇ ਬੁਲੰਦ ਹੋਏ ਹਨ।
   ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਰਦਿਆ ਕਿਹਾ ਕਿ ਹਾਕੀ ਇੰਡੀਆ ਵੱਲੋਂ ਇਸ ਸਾਲ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਹਾਕੀ ਦੀਆਂ ਦੋ ਅਕੈਡਮੀਆ ਨੂੰ ਅਪਣਾਇਆ ਗਿਆ ਹੈ ਜਿਨ੍ਹਾਂ ਵਿੱਚ ਪੰਜਾਬ ‘ਚੋਂ ਇਕੱਲੀ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਅਤੇ ਚੰਡੀਗੜ੍ਹ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਅਕੈਡਮੀ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਅਕੈਡਮੀਆਂ ਦੀ ਦੇਖ-ਰੇਖ ਲਈ ਬਣਾਏ ਗਏ ਡਾਇਰੈਕਟਰ ਸ. ਬਲਵਿੰਦਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਸਿਰਫ ਤਿੰਨ ਸਾਲ ਦੇ ਸਮੇਂ ਵਿੱਚ ਹੀ ਸਾਡੀ ਟੀਮ ਨੇ ਬੁਲੰਦੀਆਂ ਨੂੰ ਛੂਹ ਲਿਆ ਹੈ।ਉਨ੍ਹਾਂ ਕਿਹਾ ਕਿ ਓਲੰਪੀਅਨ ਸ. ਹਰਚਰਨ ਸਿੰਘ ਰਿਟਾਇਰਡ ਬ੍ਰਿਗੇਡੀਅਰ, ਸ. ਸੁਰਿੰਦਰ ਸਿੰਘ ਸੋਢੀ ਤੇ ਸ. ਰਾਜਪਾਲ ਸਿੰਘ ਤਿੰਨੇ ਅਰਜਨ ਐਵਾਰਡੀ ਜੇਤੂਆਂ ਨੇ ਸਾਡੇ ਕੋਚਾਂ ਸ. ਹਰਬੰਸ ਸਿੰਘ, ਸ. ਬਲਦੇਵ ਸਿੰਘ ਫਰੀਦਕੋਟ, ਸ. ਭੁਪਿੰਦਰ ਸਿੰਘ ਤੇ ਸ. ਪ੍ਰਕਾਸ਼ ਸਿੰਘ ਫਤਹਿਗੜ੍ਹ ਸਾਹਿਬ, ਸ. ਪ੍ਰੇਮ ਸਿੰਘ ਤੇ ਸ. ਅਵਤਾਰ ਸਿੰਘ ਬਾਬਾ ਬਕਾਲਾ ਨੂੰ ਦਿਸ਼ਾ-ਨਿਰਦੇਸ਼ ਦੇ ਕੇ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਵੱਡੇ ਪੱਧਰ ਤੇ ਵਾਧਾ ਕੀਤਾ ਹੈ।
      ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਕਰਕੇ ਹਾਕੀ ਨਿਰਦੇਸ਼ਕਾਂ, ਕੋਚਾਂ ਤੇ ਡਾਇਰੈਕਟਰ ਖੇਡਾਂ ਨੂੰ ਵਧਾਈ ਦਿੱਤੀ ਹੈ ਤੇ ਖਿਡਾਰੀਆਂ ਨੂੰ ਸਾਬਾਸ਼ੀ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਹੈ।ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਦੀਆਂ ਪ੍ਰਾਪਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਡਰ-੧੭ ਹਾਕੀ ਟੀਮ ਨਹਿਰੂ ਹਾਕੀ ਕੱਪ ਮੁਕਾਬਲਿਆਂ ਵਿੱਚ ਦੋ ਵਾਰ ਸੁਪਰ ੮ ਗੇੜ ਖੇਡ ਚੁੱਕੀ ਹੈ, ਜਦੋਂ ਕਿ ਅੰਡਰ ੧੫ ਟੀਮ ਨੇ ਗਿਆਨ ਸਿੰਘ ਨਹਿਰੂ ਟੈਸਟ ਲੜੀ ਤੇ ਕਬਜ਼ਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਹਾਕੀ ਅਕੈਡਮੀ ਦੇ ੧੬ ਖਿਡਾਰੀ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।ਉਨ੍ਹਾਂ ਕਿਹਾ ਕਿ ਮਈ ੨੦੧੩ ਵਿੱਚ ਫਤਹਿਗੜ੍ਹ ਸਾਹਿਬ, ਫਰੀਦਕੋਟ ਤੇ ਅੰਮ੍ਰਿਤਸਰ ਵਿੱਚ ਸਥਾਪਿਤ ਕੀਤੀਆਂ ਗਈਆਂ ਤਿੰਨ ਹਾਕੀ ਅਕੈਡਮੀਆਂ ਵਿੱਚ ਲਗਭਗ ੯੦ ਖਿਡਾਰੀ ਸ਼੍ਰੋਮਣੀ ਕਮੇਟੀ ਦੇ ਖਰਚੇ ‘ਤੇ ਹਾਕੀ ਦੀ ਸਿਖਲਾਈ ਹਾਸਲ ਕਰਨ ਦੇ ਨਾਲ-ਨਾਲ ਵਿਦਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਖਿਡਾਰੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਵਾਲੇ ਅਤੇ ਜਲੰਧਰ ਸਥਿਤ ਪੀ ਏ ਪੀ ਦੇ ਮੈਦਾਨ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਇਨ੍ਹਾਂ ਲਈ ਹਿਮਾਚਲ ਵਿੱਚ ਅਭਿਆਸ ਕੈਂਪ ਲਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਦਿੱਤਾ ਗਿਆ ਹੈ ਜਿਥੇ ਇਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਦਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫਰੀਦਕੋਟ ਅਤੇ ਫਤਹਿਗੜ੍ਹ ਸਾਹਿਬ ਵਿੱਚ ਵੀ ਇਨ੍ਹਾਂ ਖਿਡਾਰੀਆਂ ਦੀ ਪੜਾਈ ਲਈ ਸਕੂਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਨਾਮਵਰ ਕੋਚਾਂ ਦੀ ਅਗਵਾਈ ਵਿੱਚ ਇਹ ਹਾਕੀ ਟੀਮਾਂ ਆਉਂਦੇ ਦਿਨਾਂ ਵਿੱਚ ਅੰਬਰਾਂ ਨੂੰ ਛੂਹਣਗੀਆਂ।ਉਨ੍ਹਾਂ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਬਾਕੀ ਅਹੁਦੇਦਾਰਾਂ ਨੂੰ ਵੀ ਇਸ ਅਵਸਰ ‘ਤੇ ਵਧਾਈ ਦਿੱਤੀ।