ਅੰਮ੍ਰਿਤਸਰ, 18 ਦਸੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਮੁੰਬਈ ਵਿਖੇ ਚੱਲ ਰਿਹਾ ਨਾਮਵਰ ਵਿਦਿਅਕ ਅਦਾਰਾ ਗੁਰੂ ਨਾਨਕ ਖਾਲਸਾ ਕਾਲਜ ਆਫ ਆਰਟਸ, ਸਾਇੰਸ ਐਂਡ ਕਾਮਰਸ ਹੁਣ ਖ਼ੁਦ-ਮੁਖ਼ਤਿਆਰ ਸੰਸਥਾ ਬਣ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਕਾਲਜ ਨੂੰ ਦਸ ਸਾਲ ਲਈ ਖ਼ੁਦ-ਮੁਖ਼ਤਿਆਰ ਦਾ ਦਰਜਾ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਸੰਸਥਾ ਨੂੰ ਇਹ ਮਾਣ ਮਿਲਣ ‘ਤੇ ਕਾਲਜ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਾਲਜ ਕਮੇਟੀ ਦੇ ਵਾਈਸ ਚੇਅਰਮੈਨ ਸ. ਗੁਰਿੰਦਰ ਸਿੰਘ ਬਾਵਾ, ਸ. ਭੁਪਿੰਦਰ ਸਿੰਘ ਮਿਨਹਾਸ ਅਤੇ ਕਾਲਜ ਦੇ ਸਟਾਫ ਨੂੰ ਵਧਾਈ ਦਿੱਤੀ ਹੈ। ਡਾ. ਰੂਪ ਸਿੰਘ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪੰਥਕ ਮਰਯਾਦਾ ਅਨੁਸਾਰ ਪ੍ਰਬੰਧ ਕਰਨ ਦੇ ਨਾਲ ਨਾਲ ਵਿਦਿਅਕ ਖੇਤਰ ਵਿਚ ਵੀ ਨਿਰੰਤਰ ਵੱਡੀਆਂ ਉਪਲਬਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਆਪਣੇ ਮੰਤਵ ਅਨੁਸਾਰ ਮਿਆਰੀ ਵਿਦਿਆ ਦੇਣ ਦੀ ਵਚਨਬੱਧਤਾ ਨਿਭਾਅ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਕਾਲਜ ਮੁੰਬਈ ਨੂੰ ਖ਼ੁਦ-ਮੁਖ਼ਤਿਆਰ ਸੰਸਥਾ ਦਾ ਦਰਜਾ ਮਿਲਣਾ ਸ਼੍ਰੋਮਣੀ ਕਮੇਟੀ ਲਈ ਵੱਡੇ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਕਾਲਜ ਨੈਕ (ਐਨ.ਏ.ਏ.ਸੀ.) ਦੁਆਰਾ ‘ਏ’ ਗਰੇਡ ਨਾਲ ਵੀ ਮਾਨਤਾ ਪ੍ਰਾਪਤ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਸੰਨ ੧੯੩੭ ਵਿਚ ਸਥਾਪਿਤ ਕੀਤਾ ਗਿਆ ਇਹ ਕਾਲਜ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਪੁਰਾਣਾ ਪੰਜਾਬ ਤੋਂ ਬਾਹਰਲਾ ਕਾਲਜ ਹੈ, ਜਿਸ ਵਿਚ ਦਾਖ਼ਲਾ ਪ੍ਰਾਪਤ ਕਰਨ ਲਈ ਲੰਮੀਆਂ ਕਤਾਰਾਂ ਲੱਗਦੀਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ੭ ਹਜ਼ਾਰ ਤੋਂ ਵੱਧ ਵਿਦਿਆਰਥੀ ਹਨ ਅਤੇ ੨੭ ਤਰ੍ਹਾਂ ਦੇ ਪੋਸਟ ਗ੍ਰੈਜੂਏਸ਼ਨ ਕੋਰਸ ਚੱਲ ਰਹੇ ਹਨ। ਕਾਲਜ ਵੱਲੋਂ ਭਾਰਤ ਸਰਕਾਰ ਪਾਸੋਂ ਐਨ.ਐਸ.ਐਸ. ਲਈ ਮੁੰਬਈ ਯੂਨੀਵਰਸਿਟੀ ਵੱਲੋਂ ਕਈ ਵਾਰ ਸਨਮਾਨ ਹਾਸਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਾਲਜ ਨੇ ੨੦੧੪ ਵਿਚ ਭਾਰਤ ਸਰਕਾਰ ਪਾਸੋਂ ੮੨ ਲੱਖ ਰੁਪਏ ਦੀ ਐਫ.ਆਈ.ਐਸ.ਟੀ. ਗ੍ਰਾਂਟ ਅਤੇ ੨੦੧੫ ਵਿਚ ੮੦ ਲੱਖ ਰੁਪਏ ਦੀ ਬਾਇਓਟੈਕਨੋਲੋਜੀ ਵਿਭਾਗ ਲਈ ਸਟਾਰ ਕਾਲਜ ਗ੍ਰਾਂਟ ਪ੍ਰਾਪਤ ਕੀਤੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਕਾਲਜ ਦੀਆਂ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਇਹ ਕਾਲਜ ਯੂਨੀਵਰਸਿਟੀ ਦਾ ਦਰਜਾ ਵੀ ਪ੍ਰਾਪਤ ਕਰ ਲਵੇਗਾ। ਡਾ. ਰੂਪ ਸਿੰਘ ਅਨੁਸਾਰ ਮੁੰਬਈ ਦੇ ਇਸ ਕਾਲਜ ਨੂੰ ਖ਼ੁਦ-ਮੁਖ਼ਤਿਆਰ ਕਾਲਜ ਦਾ ਦਰਜਾ ਮਿਲਣ ਨਾਲ ਹੁਣ ਸ਼੍ਰੋਮਣੀ ਕਮੇਟੀ ਦੀਆਂ ਚਾਰ ਵਿਦਿਅਕ ਸੰਸਥਾਵਾਂ ਨੂੰ ਇਹ ਮਾਣ ਪ੍ਰਾਪਤ ਹੋ ਗਿਆ ਹੈ। ਇਸ ਤੋਂ ਪਹਿਲਾਂ ਖਾਲਸਾ ਕਾਲਜ ਪਟਿਆਲਾ, ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਤਰਫੋਂ ਇਹ ਸਥਿਤੀ ਰੱਖਦੇ ਹਨ।