ਅੰਮ੍ਰਿਤਸਰ, 28 ਦਸੰਬਰ-
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਰਕਾਰੀ ਕਾਲਜ ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫ਼ੈਸਰ ਵਜੋਂ ਤਾਇਨਾਤ ਪੰਡਿਤ ਰਾਓ ਧਰੇਨਵਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਦਫਤਰ ਵਿਖੇ ਪੁੱਜਣ ‘ਤੇ ਸਨਮਾਨਿਤ ਕੀਤਾ। ਪੰਡਿਤ ਰਾਓ ਧਰੇਨਵਰ ਕਰਨਾਟਕਾ ਦੇ ਵਸਨੀਕ ਹਨ ਅਤੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਮਾਣ ਸਨਮਾਨ ਲਈ ਮੁਹਿੰਮ ਚਲਾ ਰਹੇ ਹਨ। ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਪੰਜਾਬੀ ਦੀਆਂ ਕਿਤਾਬਾਂ ਲੈਣ ਲਈ ਪਹੁੰਚੇ ਸਨ ਤਾਂ ਜੋ ਅਨੁਵਾਦ ਕਰਕੇ ਕਰਨਾਟਕਾ ਵਿਚ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕਰ ਸਕਣ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਕੀ ਵਾਰ ਤੇ ਜਫਰਨਾਮਾ ਦਾ ਅਨੁਵਾਦ ਕਰ ਚੁੱਕੇ ਹਨ ਅਤੇ ਕਰਨਾਟਕਾ ਦੇ ਗੁਰਦੁਆਰਾ ਸਾਹਿਬਾਨ ਵਿਖੇ ਪੰਜਾਬੀ ਦੇ ਪ੍ਰਚਾਰ ਹਿੱਤ ਕਈ ਲੈਕਚਰ ਵੀ ਕਰ ਚੁੱਕੇ ਹਨ।
ਇਸ ਮੌਕੇ ਡਾ. ਰੂਪ ਸਿੰਘ ਨੇ ਪੰਡਿਤ ਰਾਓ ਧਰੇਨਵਰ ਵੱਲੋਂ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਨਾਟਕਾ ਦੇ ਵਾਸੀ ਪੰਡਿਤ ਰਾਓ ਧਰੇਨਵਰ ਵੱਲੋਂ ਜ਼ਮੀਨੀ ਪੱਧਰ ‘ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜਸ਼ੀਲ ਹੋਣਾ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਪੰਡਤ ਰਾਓ ਧਰੇਨਵਰ ਵੱਲੋਂ ਗਾਇਕੀ ਰਾਹੀਂ ਲੱਚਰਤਾ ਪੇਸ਼ ਕੀਤੇ ਜਾਣ ਵਿਰੁੱਧ ਅਵਾਜ਼ ਉਡਾਉਣ ਦੀ ਵੀ ਪ੍ਰਸੰਸਾ ਕੀਤੀ। ਪੰਜਾਬੀ ਭਾਸ਼ਾ ਬਾਬਾ ਫ਼ਰੀਦ, ਗੁਰੂ ਨਾਨਕ ਦੇਵ, ਵਾਰਸ਼ਾਹ ਦੀ ਭਾਸ਼ਾ ਹੈ। ਗੁਰੂ ਸਾਹਿਬਾਨ ਨੇ ਇਸ ਭਾਸ਼ਾ ਵਿਚ ਗੁਰਬਾਣੀ ਉਚਾਰਣ ਕਰਕੇ ਇਸ ਨੂੰ ਪਵਿੱਤਰਤਾ ਬਖ਼ਸ਼ੀ ਹੈ, ਜਿਸ ਨੂੰ ਪਲੀਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਲੱਚਰਤਾ ਦਾ ਪਸਾਰਾ ਅਤਿ ਗੰਭੀਰ ਵਿਸ਼ਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਜ਼ੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਲੱਚਰਤਾ ਸਾਡੇ ਵਿਰਸੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਬੇਹੱਦ ਖਤਰਨਾਕ ਹੈ। ਉਨ੍ਹਾਂ ਪੰਜਾਬੀ ਲੇਖਕਾਂ, ਗੀਤਕਾਰਾਂ, ਕਲਾਕਾਰਾਂ ਤੇ ਗਾਇਕਾਂ ਨੂੰ ਅਪੀਲ ਕੀਤੀ ਕਿ ਲੱਚਰ ਲੇਖਣੀ ਤੇ ਗੀਤਾਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਆਪਣੇ ਵਿਰਸੇ ਤੇ ਸੱਭਿਆਚਾਰ ਦੀ ਅਮੀਰੀ ਨੂੰ ਸੰਭਾਲਿਆ ਜਾਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੋੜਾਸਿੰਘਾ ਤੇ ਸ. ਮਹਿੰਦਰ ਸਿੰਘ ਆਹਲੀ ਆਦਿ ਮੌਜੂਦ ਸਨ।