ਭਾਈ ਲੌਂਗੋਵਾਲ, ਡਾ. ਰੂਪ ਸਿੰਘ ਤੇ ਹੋਰਾਂ ਨੇ ਕੀਤਾ ਦੁਖ ਪ੍ਰਗਟ
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸੋਗ ਵਜੋਂ ਅੱਧਾ ਦਿਨ ਲਈ ਬੰਦ ਕੀਤੇ

ਅੰਮ੍ਰਿਤਸਰ, ੨੦ ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਅਹੁਦੇਦਾਰ ਅਤੇ ਮੈਂਬਰ ਰਹੇ ਬਜ਼ੁਰਗ ਆਗੂ ਜਥੇਦਾਰ ਦਲੀਪ ਸਿੰਘ ਮੱਲੂਨੰਗਲ ਅੱਜ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਹੋਰਾਂ ਨੇ ਦੁੱਖ ਪ੍ਰਗਟ ਕਰਦਿਆਂ ਜਥੇਦਾਰ ਮੱਲੂਨੰਗਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਅਹੁਦੇਦਾਰਾਂ ਨੇ ਜਥੇਦਾਰ ਮੱਲੂਨੰਗਲ ਦੀ ਪੰਥਕ ਸੇਵਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਇਮਾਨਦਾਰ, ਸਿੱਖ ਸਿਧਾਂਤਾਂ ਦਾ ਪਹਿਰੇਦਾਰ ਅਤੇ ਪੰਥ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲਾ ਆਗੂ ਕਰਾਰ ਦਿੱਤਾ ਅਤੇ ਉਨ੍ਹਾਂ ਦੇ ਚਲਾਣੇ ਨੂੰ ਪੰਥ ਲਈ ਵੱਡਾ ਘਾਟਾ ਦੱਸਿਆ। ਸੰਨ ੧੯੯੦ ਅਤੇ ੧੯੯੪ ਵਿਚ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਜਥੇਦਾਰ ਮੱਲੂਨੰਗਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਦੇ ਵੀ ਮੈਂਬਰ ਰਹਿ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਜਥੇਦਾਰ ਦਲੀਪ ਸਿੰਘ ਮੱਲੂਨੰਗਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇੜਲੇ ਸਾਥੀਆਂ ‘ਚੋਂ ਸਨ ਅਤੇ ਉਨ੍ਹਾਂ ਨੇ ਜੂਨ ੧੯੮੪ ਵਿਚ ਭਾਰਤੀ ਫ਼ੌਜ ਵੱਲੋਂ ਤਬਾਹ ਕੀਤੀ ਸਿੱਖ ਰੈਂਫਰੈਂਸ ਲਾਇਬ੍ਰੇਰੀ ਨੂੰ ਮੁੜ ਸਥਾਪਤ ਕਰਨ ਲਈ ਵੱਡਾ ਯੋਗਦਾਨ ਪਾਇਆ ਅਤੇ ਇਸੇ ਲੜੀ ਤਹਿਤ ਹੀ ਆਪਣੇ ਪਿੰਡ ਮੱਲੂਨੰਗਲ ਵਿਖੇ ਵੀ ਵਿਸ਼ਾਲ ਲਾਇਬ੍ਰੇਰੀ ਸਥਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਜ਼ਮੀਨ ਖ਼ਰੀਦਣ ਤੋਂ ਲੈ ਕੇ ਇਸ ਨੂੰ ਚਲਾਉਣ ਤੱਕ ਵੱਡਾ ਯੋਗਦਾਨ ਪਾਇਆ ਅਤੇ ਇਸ ਦੀ ਇਕ ਸ਼ਾਖਾ ਵਜੋਂ ਪਿੰਡ ਮੱਲੂਨੰਗਲ ਵਿਖੇ ਪੇਂਡੂ ਲੋਕਾਂ ਦੀ ਸਹੂਲਤ ਲਈ ਇਕ ਡਿਸਪੈਂਸਰੀ ਵੀ ਬਣਵਾਈ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਨਾ ਘਰ ਨੂੰ ਵਿਸਥਾਰ ਦੇਣ ਲਈ ਜਥੇਦਾਰ ਮੱਲੂਨੰਗਲ ਨੇ ਗੋਲਡਨ ਆਫਸੈੱਟ ਪ੍ਰੈਸ ਲਗਾਉਣ ਵਿਚ ਵੀ ਪਹਿਲਕਦਮੀ ਕੀਤੀ। ਜਥੇਦਾਰ ਮੱਲੂਨੰਗਲ ਨੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਨੂੰ ਬੇਹਤਰ ਬਣਾਉਣ ਲਈ ਸਦਾ ਹੀ ਉਸਾਰੂ ਭੂਮਿਕਾ ਨਿਭਾਈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਥੇਦਾਰ ਮੱਲੂਨੰਗਲ ਦੇ ਚਲਾਣੇ ਦੇ ਸੋਗ ਵਜੋਂ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਵਿਖੇ ਛੁੱਟੀ ਕਰ ਦਿੱਤੀ ਗਈ। ਜਥੇਦਾਰ ਮੱਲੂਨੰਗਲ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਸ਼੍ਰੋਮਣੀ ਕਮੇਟੀ ਤੇ ਮੈਡੀਕਲ ਕਾਲਜ ਦਾ ਸਟਾਫ਼ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਿਆ ਅਤੇ ਪਰਿਵਾਰ ਨਾਲ ਹਮਦਰਦੀ ਜਿਤਾਈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੱਲੂਨੰਗਲ ਵਿਖੇ ਕੀਤਾ ਗਿਆ, ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਹੋਰ ਅਧਿਕਾਰੀਆਂ ਨੇ ਜਥੇਦਾਰ ਮੱਲੂਨੰਗਲ ਦੀ ਮ੍ਰਿਤਕ ਦੇਹ ‘ਤੇ ਦੋਸ਼ਾਲਾ ਭੇਟ ਕੀਤਾ।