ਕੌਮੀ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਪੰਥ ਪ੍ਰਸਤ ਆਗੂ ਸਨ ਜਥੇਦਾਰ ਤਲਵੰਡੀ-ਭਾਈ ਲੌਂਗੋਵਾਲ

ਅੰਮ੍ਰਿਤਸਰ, ੧੫ ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਅੱਜ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕਰਨ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਥੇਦਾਰ ਤਲਵੰਡੀ ਨੂੰ ਕੌਮੀ ਪ੍ਰੰਪਰਾਵਾਂ ਨੂੰ ਸਮਰਪਿਤ ਆਗੂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਤਲਵੰਡੀ ਗੁਰੂ ਸਾਹਿਬ ਦੀ ਭੈ-ਭਾਵਨੀ ਵਿਚ ਜੀਵਨ ਬਤੀਤ ਕਰਨ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਨਿਡਰਤਾ ਨਾਲ ਸੱਚ ‘ਤੇ ਪਹਿਰਾ ਦਿੱਤਾ। ਅਜਿਹੇ ਪੰਥ ਪ੍ਰਸਤੀ ਵਾਲੇ ਆਗੂਆਂ ਦੇ ਜੀਵਨ ਤੋਂ ਅਜੋਕੀ ਸਿੱਖ ਨੌਜੁਆਨੀ ਨੂੰ ਪ੍ਰੇਰਣਾ ਪ੍ਰਾਪਤ ਕਰਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਵੀ ਜਥੇਦਾਰ ਤਲਵੰਡੀ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਥੇਦਾਰ ਤਲਵੰਡੀ ਨੂੰ ਪੰਥ ਦੀ ਸੇਵਾ ਵਿਰਾਸਤ ਵਿੱਚੋਂ ਪ੍ਰਾਪਤ ਹੋਈ ਸੀ। ਉਨ੍ਹਾਂ ਨੇ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਕਈ ਮੋਰਚਿਆਂ ਵਿਚ ਹਿੱਸਾ ਲਿਆ। ਅਜਿਹੇ ਆਗੂ ਕੌਮ ਦਾ ਸਰਮਾਇਆ ਹਨ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਪੁੱਜੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਗ੍ਰੰਥੀ ਵੱਲੋਂ ਜਥੇਦਾਰ ਤਲਵੰਡੀ ਦੇ ਪਰਿਵਾਰ ਨੂੰ ਵਧਾਈ ਦਿੱਤੀ।
ਸਮਾਗਮ ਦੌਰਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਸ. ਰਣਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਅਤੇ ਸਮੁੱਚੇ ਪੰਥ ਦਾ ਧੰਨਵਾਦ ਕਰਦਿਆਂ ਜਥੇਦਾਰ ਤਲਵੰਡੀ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਤਲਵੰਡੀ ਪਰਿਵਾਰ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਦੀਆਂ ਦੋ ਪੀੜ੍ਹੀਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਥੇਦਾਰ ਤਲਵੰਡੀ ਦੇ ਪਿਤਾ ਜਥੇਦਾਰ ਸ਼ਾਂਗਾ ਸਿੰਘ ਦੀ ਵੀ ਤਸਵੀਰ ਇਥੇ ਲੱਗੀ ਹੋਈ ਹੈ। ਇਸ ਮੌਕੇ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਬੁਲਾਰਿਆਂ ਨੂੰ ਸਮਾਂ ਦੇਣ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਨਿਭਾਈ। ਭਾਈ ਲੌਂਗੋਵਾਲ ਵੱਲੋਂ ਜਥੇਦਾਰ ਤਲਵੰਡੀ ਦੇ ਪਰਿਵਾਰਕ ਮੈਂਬਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਵੀ ਦਿੱਤੇ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਤਲਵੰਡੀ ਦੇ ਸਪੁੱਤਰ ਸ. ਰਣਜੀਤ ਸਿੰਘ ਤਲਵੰਡੀ ਤੇ ਸ. ਜਗਜੀਤ ਸਿੰਘ ਤਲਵੰਡੀ, ਉਨ੍ਹਾਂ ਦੀਆਂ ਸਪੁੱਤਰੀ ਬੀਬੀ ਹਰਜੀਤ ਕੌਰ ਤੇ ਬੀਬੀ ਮਨਜੀਤ ਕੌਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਸਾਬਕਾ ਵਿਧਾਇਕ ਸ. ਬਲਬੀਰ ਸਿੰਘ ਬਾਠ, ਮੈਨੇਜਰ ਸ. ਮੁਖਤਾਰ ਸਿੰਘ, ਸ. ਦਰਸ਼ਨ ਸਿੰਘ ਪੀ.ਏ., ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਨਰਿੰਦਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ।

ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਾਰਨ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਚੰਡੀਗੜ੍ਹ ਵਿਖੇ ਐਸ.ਐਸ. ਬੋਰਡ ਦੀ ਪ੍ਰੀਖਿਆ ਦੌਰਾਨ ਚੰਡੀਗੜ੍ਹ ਦੇ ਇਕ ਸਕੂਲ ਵੱਲੋਂ ਸਿੱਖ ਬੱਚਿਆਂ ਦੇ ਕੜੇ ਉਤਾਰ ਕੇ ਪ੍ਰੀਖਿਆ ਵਿਚ ਬੈਠਣ ਲਈ ਮਜ਼ਬੂਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਸੇਂਟ ਜੋਸਫ ਨਾਂ ਦੇ ਸਕੂਲ ਵਿਚ ਪ੍ਰੀਖਿਆ ਦੌਰਾਨ ਬੱਚਿਆਂ ਦੇ ਕੜੇ ਉਤਾਰੇ ਗਏ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖ ਰਵਾਇਤਾਂ ਦੀ ਘੋਰ ਉਲੰਘਣਾ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਕਾਰ ਸਿੱਖਾਂ ਦੇ ਜੀਵਨ ਦਾ ਅਹਿਮ ਅੰਗ ਹਨ, ਜਿਸ ਦਾ ਹਿੱਸਾ ਕੜਾ ਵੀ ਹੈ। ਪ੍ਰੀਖਿਆਵਾਂ ਸਮੇਂ ਜਾਣ-ਬੁਝ ਕੇ ਸਿੱਖ ਬੱਚਿਆਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਤੋਂ ਦੂਰ ਕਰਨਾ ਮੰਦਭਾਗਾ ਹੈ। ਭਾਈ ਲੌਂਗੋਵਾਲ ਨੇ ਪੰਜਾਬ ਸਰਕਾਰ, ਐਸ.ਐਸ. ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਘਟੀਆ ਹਰਕਤ ਕਰਨ ਵਾਲਿਆਂ ਖਿਲਾਫ਼ ਕਰੜੀ ਕਰਵਾਈ ਕੀਤੀ ਜਾਵੇ। ਸਿੱਖ ਅਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ਅੰਦਰ ਆਉਣ ਵਾਲੀਆਂ ਸੰਗਤਾਂ ਲਈ ਪ੍ਰਬੰਧਕੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਰ ਤਰ੍ਹਾਂ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਆਖਿਆ ਕਿ ਗੁਰੂ ਘਰ ਕਿਉਂਕਿ ਸੰਗਤਾਂ ਦੀ ਸ਼ਰਧਾ ਨਾਲ ਜੁੜੇ ਹੋਏ ਹਨ ਅਤੇ ਇਥੇ ਸੰਗਤਾਂ ਆਪਣੀਆਂ ਅਰਦਾਸਾਂ ਲੈ ਕੇ ਪੁੱਜਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਵੀ ਸਰਕਾਰਾਂ ਨੂੰ ਸੰਗਤ ਦੀ ਸ਼ਰਧਾ ਨੂੰ ਸਾਹਮਣੇ ਰੱਖ ਕੇ ਹੀ ਵਿਚਾਰ ਕਰਨੀ ਚਾਹੀਦੀ ਹੈ। ਇਸ ਲਾਂਘੇ ਨਾਲ ਵੀ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।