ਅੰਮ੍ਰਿਤਸਰ ੬ ਜੁਲਾਈ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੇਡਾਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਦੋ ਖੇਡ ਸਟੇਡੀਅਮ ਬਣਾਏਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਦਸਮੇਸ਼ ਹਾਲ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਬੱਚਿਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਤਕਰੀਬਨ ੧੦੦ ਸਕੂਲ, ਕਾਲਜ, ਇੰਜੀਨੀਅਰਿੰਗ, ਪੋਲੀਟੈਕਨਿਕ ਤੇ ਮੈਡੀਕਲ ਕਾਲਜ ਚਲਾ ਰਹੀ ਹੈ।ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਰੱਖਣ ਲਈ ਹਰ ਸਾਲ ਖ਼ਾਲਸਾਈ ਖੇਡਾਂ ਵੀ ਕਰਵਾਉਂਦੀ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਏ ਜਾਣ ਵਾਲੇ ਖੇਡ ਸਟੇਡੀਅਮਾਂ ਵਿੱਚ ਹੋਰਨਾਂ ਖੇਡਾਂ ਤੋਂ ਇਲਾਵਾ ਦਸਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਧਾਰਮਿਕ ਸਮਾਗਮਾਂ ਮੌਕੇ ਬੜੇ ਰੌਚਕ ਘੋੜ-ਦੌੜ ਮੁਕਾਬਲੇ ਵੀ ਹੋਇਆ ਕਰਨਗੇ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਟੇਡੀਅਮਾਂ ਵਿੱਚ ਸਿੱਖ ਯੁੱਧ ਕਲਾ ਦੀ ਪ੍ਰਤੀਕ ਖੇਡ ਮਾਰਸ਼ਲ ਆਰਟ ਗਤਕਾ ਮੁਕਾਬਲੇ ਵੀ ਹੋਇਆ ਕਰਨਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਸਟੇਡੀਅਮਾਂ ਨੂੰ ਹੋਂਦ ‘ਚ ਲਿਆਉਣ ਲਈ ਅਗਲੇਰੀ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।