27-07-2015-2ਅੰਮ੍ਰਿਤਸਰ : 27 ਜੁਲਾਈ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿੱਚ ੫-੫ ਏਕੜ ‘ਚ ਕੁਦਰਤੀ ਖੇਤੀ ਕਰਨ ਬਾਰੇ ਮੁੱਢਲਾ ਫੈਸਲਾ ਲਿਆ ਹੈ।ਕੁਦਰਤੀ ਖੇਤੀ ਨੂੰ ਅਸਲੀ ਰੂਪ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਖੇਤੀ ਮਾਹਰਾਂ ਨਾਲ ਹੋਈ। ਜਿਸ ਵਿੱਚ ਸ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੂੰ ਲੋੜ ਤੋਂ ਵੱਧ ਮਾਤਰਾ ਵਿੱਚ ਪਾਈ ਜਾ ਰਹੀ ਖਾਦ ਤੇ ਕੀਟਨਾਸ਼ਕ ਦਵਾਈਆਂ ਕਾਰਨ ਕੈਂਸਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਭਿਆਨਕ ਤੇ ਜਾਨ ਲੇਵਾ ਬਿਮਾਰੀਆਂ ਦਾ ਫੈਲਾਅ ਬਹੁਤ ਵੱਧ ਚੁੱਕਾ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕੁਦਰਤੀ ਖੇਤੀ ਨਾਲ ਅਨਾਜ ਪੈਦਾ ਕਰਕੇ ਗੁਰੂ ਘਰਾਂ ਦੇ ਲੰਗਰਾਂ ‘ਚ ਸੰਗਤਾਂ ਦੀ ਸਨਅਤ ਲਈ ਜੋ ਦਵਾਈਆਂ ਰਹਿਤ ਲੰਗਰ ਤਿਆਰ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿੱਚ ਬਿਨਾਂ ਖਾਦ ਤੇ ਦਵਾਈ ਦੇ ਫਸਲ ਦਾ ਝਾੜ ਕੁਝ ਘੱਟ ਨਿਕਲਦਾ ਹੈ, ਪਰ ਜੇਕਰ ਇਸ ਦੇ ਬਜ਼ਾਰੀ ਮੁੱਲ ਦੀ ਗੱਲ ਕਰੀਏ ਤਾਂ ਉਹ ਦਵਾਈਆਂ ਆਦਿ ਨਾਲ ਪੈਦਾ ਕੀਤੀ ਫਸਲ ਨਾਲੋਂ ਕਿਤੇ ਵੱਧ ਮੁੱਲ ਤੇ ਵਿਕਦਾ ਹੈ।ਉਨ੍ਹਾਂ ਕਿਹਾ ਕਿ ਖਾਦ, ਦਵਾਈ ਤੋਂ ਬਿਨਾਂ ਦੇਸੀ ਰੂੜੀ ਜਾਂ ਫਿਰ ਗਡੋਇਆ ਤੋਂ ਖਾਦ ਤਿਆਰ ਕਰਕੇ ਵਧੀਆਂ ਫਸਲ ਤਿਆਰ ਕੀਤੀ ਜਾ ਸਕਦੀ ਹੈ।ਇਸ ਤਰ੍ਹਾਂ ਤਿਆਰ ਕੀਤੀ ਫਸਲ ਨਾਲ ਕਿਸੇ ਕਿਸਮ ਦੀ ਬਿਮਾਰੀ ਆਦਿ ਨਹੀਂ ਲੱਗਦੀ।ਉਨ੍ਹਾਂ ਕਿਹਾ ਕਿ ਸਰਕਾਰ ਕੁਦਰਤੀ ਖੇਤੀ ਬਾਰੇ ਸਮੇਂ-ਸਮੇਂ ਕਿਸਾਨਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ਤੇ ਸਾਡੇ ਖੇਤੀ ਮਾਹਰ ਕੁਦਰਤੀ ਖੇਤੀ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਹਰੇਕ ਕਿਸਮ ਦਾ ਸਹਿਯੋਗ ਕਰਨਗੇ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਹੋਈ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ‘ਚ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਹਰੇਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚੋਂ ਪੰਜ-ਪੰਜ ਏਕੜ ‘ਚ ਕੁਦਰਤੀ ਖੇਤੀ ਕੀਤੀ ਜਾਵੇ ਤਾਂ ਜੋ ਲੰਗਰਾਂ ‘ਚ ਸਾਫ-ਸੁਥਰਾ ਤੇ ਬਿਮਾਰੀ ਰਹਿਤ ਅਨਾਜ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਡਾ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਦਿਲੀ ਖਾਹਿਸ਼ ਹੈ ਕਿ ਗੁਰੂ ਕੇ ਲੰਗਰ ‘ਚ ਸੰਗਤਾਂ ਲਈ ਕੀਟਨਾਸ਼ਕ ਦਵਾਈਆਂ ਰਹਿਤ ਕੁਦਰਤੀ ਖੇਤੀ ਵਾਲੇ ਅਨਾਜ ਦੀ ਵਰਤੋਂ ਕੀਤੀ ਜਾਵੇ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਖੇਤੀਬਾੜੀ ਮਾਹਰਾਂ ਨਾਲ ਇਕੱਤਰਤਾ ਕੀਤੀ ਗਈ ਹੈ।ਉਨ੍ਹਾਂ ਸੈਕਸ਼ਨ-੮੫ ਦੇ ਸਮੂਹ ਮੈਨੇਜਰਾਂ ਨੂੰ ਕਿਹਾ ਕਿ ਕੁਦਰਤੀ ਖੇਤੀ ਕਰਨ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਨੂੰ ਤੁਰੰਤ ਅਮਲ ‘ਚ ਲਿਆਂਦਾ ਜਾਵੇ।