ਅੰਮ੍ਰਿਤਸਰ, 17 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਨੂੰ ਦਿੱਤੀ ਜਾਂਦੀ ਸਹਾਇਤਾ ਦੀ ਲਗਾਤਾਰਤਾ ਵਿਚ ਛੱਤੀਸਗੜ੍ਹ ਸੂਬੇ ਦੇ 106 ਵਿਦਿਆਰਥੀਆਂ ਦੀ ਸਕੂਲ ਫੀਸ ਅਦਾ ਕੀਤੀ ਗਈ ਹੈ। ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਦੇ ਬੱਚਿਆਂ ਦੀਆਂ ਫੀਸਾਂ ਪਿਛਲੇ ਕੁਝ ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਮੰਤਵ ਉਨ੍ਹਾਂ ਨੂੰ ਸਿਖਿਅਤ ਕਰਦਿਆਂ ਸਵੈ-ਰੋਜ਼ਗਾਰ ਦੇ ਯੋਗ ਬਣਾ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਵਾਨ ਕੀਤੀ ਗਈ ਇਸ ਸਾਲ ਦੀ ਸਕੂਲ ਫੀਸ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਅਤੇ ਸਿੱਖ ਮਿਸ਼ਨ ਰਾਏਪੁਰ ਦੇ ਇੰਚਾਰਜ ਸ. ਗੁਰਮੀਤ ਸਿੰਘ ਨੇ ਸਬੰਧਤ ਸਕੂਲਾਂ ਨੂੰ ਖੁਦ ਜਾ ਕੇ ਅਦਾ ਕੀਤੀ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਛੱਤੀਸਗੜ੍ਹ ਅੰਦਰ 12 ਸਕੂਲਾਂ ਦੇ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਦੇ 106 ਬੱਚਿਆਂ ਦੀ 12 ਲੱਖ, 4 ਹਜ਼ਾਰ, 548 ਰੁਪਏ ਸਕੂਲ ਫੀਸ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੀਸ ਦੇ ਚੈੱਕ ਸਕੂਲ ਮੁਖੀਆਂ ਤੱਕ ਪੁੱਜਦਾ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਫੀਸ ਲਈ ਸਕੂਲਾਂ ਨੂੰ ਦਿੱਤੇ ਗਏ ਪੈਸਿਆਂ ਵਿਚ ਸਕੂਲ ਦੀ ਫੀਸ ਅਤੇ ਬੱਸ ਕਿਰਾਇਆ ਆਦਿ ਸ਼ਾਮਲ ਹਨ। ਸ. ਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਕਲੀਗਰ ਸਿੱਖ ਬੱਚਿਆਂ ਨੂੰ ਵਿਦਿਆ ਦੇ ਚਾਨਣ ਨਾਲ ਜੋੜਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਤੋਂ ਬਾਹਰ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਆਦਿ ਥਾਵਾਂ ’ਤੇ ਸਿਕਲੀਗਰ ਸਿੱਖਾਂ ਦੇ ਬੱਚਿਆਂ ਨੂੰ ਰੋਜ਼ਗਾਰ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ ਵਿਦਿਆ ਦਾ ਪ੍ਰਬੰਧ ਕਰ ਰਹੀ ਹੈ। ਇਹ ਫੀਸਾਂ ਦੇ ਰੂਪ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਸਿੱਧਾ ਸਕੂਲ ਪ੍ਰਬੰਧਕਾਂ ਤੱਕ ਭੇਜੀਆਂ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਦੀ ਪੜ੍ਹਾਈ ਯਕੀਨੀ ਬਣੀ ਰਹੇ।