ਧਾਰਮਿਕ ਮਾਮਲਿਆਂ ਦੇ ਮੰਤਰੀ ਮਿਸਟਰ ਜੀਨ ਕ੍ਰਿਸਟੋਫੀ ਪੀਯੂਸੈਲੈ ਨੇ ਸ਼੍ਰੋਮਣੀ ਕਮੇਟੀ ਨੂੰ ਦਸਤਾਰ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਸੱਦਾ ਦਿੱਤਾ- ਬੀਬੀ ਕਿਰਨਜੋਤ ਕੌਰ
ਅੰਮ੍ਰਿਤਸਰ : ੨੬ ਜੁਲਾਈ (      )-ਪੈਰਿਸ ਵਿਖੇ ੨੧ ਜੁਲਾਈ ਨੂੰ ਹੋਏ ‘ਮੌਸਮ ਬਾਰੇ ਜ਼ਮੀਰ ਦੀ ਅਵਾਜ਼’ ਸੰਮੇਲਨ ਵਿੱਚ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਬੰਧਿਤ ਸੰਮੇਲਨ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਦਰਪੇਸ਼ ਆਉਂਦੇ (ਦਸਤਾਰ ਅਤੇ ਕ੍ਰਿਪਾਨ) ਸਬੰਧੀ ਮਾਮਲਿਆਂ ਨੂੰ ਵਿਚਾਰਨ ਲਈ ਨੁਮਾਇੰਦੇ ਦੇ ਤੌਰ ਤੇ ਹਾਜ਼ਰ ਹੋਈ। ਬੀਬੀ ਕਿਰਨਜੋਤ ਕੌਰ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਧਰਤੀ ਤੇ ਵਧ ਰਹੇ ਤਾਪਮਾਨ ਨੂੰ ਦੋ ਡਿਗਰੀ ਸੈਂਟੀਗਰੇਡ ਘਟਾਉਣ ਲਈ ਦਸੰਬਰ ਵਿੱਚ ਯੂਨਾਈਟਿਡ ਨੇਸ਼ਨ ਦੇ ਸਹਿਯੋਗ ਨਾਲ ੧੯੫ ਮੁਲਕਾਂ ਦੀ ਮੌਸਮ ਤਬਦੀਲੀ ਸਬੰਧੀ ਕਾਨਫਰੰਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੀ ਤਿਆਰੀ ਲਈ ਫਰਾਂਸ ਦੀ ਸਰਕਾਰ ਵੱਲੋਂ ਦੁਨੀਆਂ ਭਰ ਦੇ ਵੱਖ-ਵੱਖ ਧਰਮਾਂ, ਬੁੱਧੀਜੀਵੀਆਂ ਤੇ ਐਨ ਜੀ ਓ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਕਿ ਮੌਸਮ ਦੇ ਬਦਲਾਵ ਬਾਰੇ ਵਾਰਤਾਲਾਪ ਕਰਕੇ ਇਸਦਾ ਕੋਈ ਸਾਰਥਿਕ ਹੱਲ ਲੱਭਣ ਲਈ ਆਪਣੀ ਮੂਲ ਜਿੰਮੇਵਾਰੀ ਨੂੰ ਨਿਭਾਇਆ ਜਾ ਸਕੇ।  ਉਨ੍ਹਾਂ ਦੱਸਿਆ ਕਿ ਇਸ ਵਿੱਚ ਇਹ ਵੀ ਸਵਾਲ ਉਠਾਏ ਗਏ ਕਿ ਸਾਨੂੰ ਵਾਤਾਵਰਣ ਪ੍ਰਤੀ ਧਿਆਨ ਕਿਉਂ ਦੇਣਾ ਚਾਹੀਦਾ ਹੈ?  ਇਸ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਦੁਨੀਆਂ ਨੂੰ ਇਸ ਦੀ ਸੰਭਾਲ ਬਾਰੇ ਕਿਵੇਂ ਪ੍ਰੇਰਿਤ ਕਰਨਾ ਹੈ? ਉਨ੍ਹਾਂ ਦੱਸਿਆ ਕਿ ਇਸ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਪਹਿਲੀ ਵਾਰ ਇਸ ਆਫੀਸ਼ੀਅਲ ਸੰਮੇਲਨ ਵਿੱਚ ਕ੍ਰਿਪਾਨ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ ਕਿਸੇ ਨੂੰ ਕ੍ਰਿਪਾਨ ਪਹਿਣ ਕੇ ਸੰਮੇਲਨ ਵਿੱਚ ਸ਼ਾਮਿਲ ਹੋਣ ਦਿੱਤਾ ਗਿਆ, ਜਿਸ ਵਿੱਚ ਰਾਸ਼ਟਰਪਤੀ ਵੱਲੋਂ ਆਯੋਜਿਤ ਰਾਤ ਦਾ ਖਾਣਾ ਵੀ ਸੀ।
ਉਨ੍ਹਾਂ ਦੱਸਿਆ ਕਿ ਯੂਨਾਈਟਿਡ ਨੇਸ਼ਨ ਦੇ ਅਸਿਸਟੈਂਟ ਸੈਕਟਰੀ ਜਨਰਲ ਜੈਨਸ ਪਾਸਟਰ ਨੇ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਬਾਨ-ਕੀ-ਮੂਨ ਦੀ ਤਰਫੋਂ ਭਾਸ਼ਣ ਦੇਂਦੇ ਹੋਏ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਲੋੜ ਹੈ ਆਪਣੇ ਜੀਵਨ ਢੰਗ ਵਿੱਚ ਬਦਲਾਵ ਕਰਨ ਦੀ ਅਤੇ ਸੁਚੱਜੇ ਢੰਗ ਨਾਲ ਹੋਰਾਂ ਜੀਵਾਂ ਅਤੇ ਧਰਤੀ ਪ੍ਰਤੀ ਸੰਤੁਲਤ ਕਰਕੇ ਜੀਵਨ ਜੀਉਣ ਦੀ ਤਾਂ ਜੋ ਇਸ ਧਰਤੀ ਦੀ ਸਾਂਭ ਕੀਤੀ ਜਾਵੇ ਜੋ ਸਾਨੂੰ ਸਾਂਭਦੀ ਹੈ। ਉਨ੍ਹਾਂ ਪੋਪ ਫਰੈਂਸਿਸ ਦੇ ਵਾਤਾਵਰਣ ਸਬੰਧੀ ਲਿਖਤ ਦਾ ਹਵਾਲਾ ਦੇਂਦੇ ਹੋਏ ਕਿਹਾ ਕਿ ਹੋਰ ਧਰਮਾਂ ਦੇ ਲੋਕ ਵੀ ਰਲ ਮਿਲ ਕੇ ਬਿਹਤਰ ਵਾਤਾਰਵਣ ਸਿਰਜਣ ਲਈ ਆਪਣਾ ਯੋਗਦਾਨ ਪਾਉਣ । ਉਨ੍ਹਾਂ ਦੱਸਿਆ ਕਿ ਇਸ ਮੌਕੇ ਫਰਾਂਸ ਦੇ ਮੰਤਰੀ ਮਿਸਟਰ ਲੌਰੈਂਸ ਫੇਬੀਅਸ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਮਨਿਸਟਰ ਆਫ਼ ਫਾਰਨ ਅਫੇਅਰਜ਼ ਅਤੇ ਕੋਪ ੨੧ ਦੇ ਪ੍ਰੈਜੀਡੈਂਟ ਨੇ ਵੀ ਸੰਮੇਲਨ ਵਿੱਚ ਹਾਜ਼ਰ ਨੁਮਾਇੰਦਿਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਦੱਸਿਆ ਕਿ ਬੁੱਧੀਜੀਵੀ, ਧਾਰਮਿਕ ਨੁਮਾਇੰਦੇ, ਕਲਾਕਾਰਾਂ ਅਤੇ ਹੋਰ ਵਿਰਾਸਤੀ ਨੁਮਾਇੰਦਿਆਂ ਨੇ ‘ਜ਼ਮੀਰ ਦੀ ਅਵਾਜ਼’ ਨਾਮ ਦਾ ਦਸਤਾਵੇਜ਼ ਤਿਆਰ ਕੀਤਾ ਜੋ ਦਸੰਬਰ ਵਿੱਚ ਕਾਨਫਰੰਸ ਆਫ ਦਾ ਪਾਰਟੀਜ਼ (ਕੋਪ ੨੧) ਦੀ ਕਾਨਫਰੰਸ ਵਿੱਚ ਸ਼ਾਮਿਲ ਹਰ ਡੈਲੀਗੇਸ਼ਨ ਦੇ ਮੁਖੀ ਨੂੰ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸਵਾਲ ਦਾ ਜਵਾਬ ਆਪਣੇ ਜ਼ਮੀਰ ਤੋਂ ਦੇਣ ਦੀ ਬੇਨਤੀ ਕੀਤੀ ਜਾਵੇਗੀ ਕਿ ‘ਵਾਏ ਡੂ ਆਈ ਕੇਅਰ?’ (ਮੈਨੂੰ ਕਿਉਂ ਪਰਵਾਹ?) ਤਾਂ ਕਿ ਮੌਸਮ ਦੇ ਬਦਲਾਵ ਲਈ ਧਰਤੀ ਦਾ ਤਾਪਮਾਨ ਘਟਾਉਣ ਲਈ ਹਰ ਮਨੁੱਖ ਆਪਣੀ ਨਿਜੀ ਜਿੰਮੇਵਾਰੀ ਸਮਝੇ।
ਉਨ੍ਹਾਂ ਦੱਸਿਆ ਕਿ ਦਸਤਾਵੇਜ਼ ਤੇ ਹਸਤਾਖ਼ਰ ਕਰਨ ਵਾਲੇ ਮੈਂਬਰਾਂ ਆਸ ਪ੍ਰਗਟਾਈ ਕਿ ਪਾਰਟੀਆਂ ਦੇ ਸੰਮੇਲਨ (ਕੋਪ ੨੧) ਵਿੱਚ ਸ਼ਾਮਿਲ ਹੋਣ ਵਾਲੇ ਲੀਡਰ ਕੇਵਲ ਸਰਕਾਰੀ ਏਜੰਸੀ ਦੇ ਨੁਮਾਇੰਦੇ ਨਾ ਹੋ ਕੇ ਇਕ ਜਾਗਰਿਤ ਇਨਸਾਨ ਵਾਂਗੂੰ ਸੋਚਣਗੇ।ਇਸ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ਤੇ ਲੋਕ ਆਪਣੇ ਦਿਲ ਦੀ ਆਵਾਜ਼ ਨਹੀਂ ਸੁਣਦੇ ਅਤੇ ਉਹ ਗਿਣਤੀ-ਮਿਣਤੀ, ਡਾਟਾ, ਪਾਲਿਸੀ ਸਟੇਟਮੈਂਟ ਪਿੱਛੇ ਛੁਪ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪੈਰਿਸ, ਫਰਾਂਸ ਵਿੱਚ ੨੧ ਜੁਲਾਈ ੨੦੧੫ ਨੂੰ ਹੋਇਆ ਇਹ ਸੰਮੇਲਨ ਫਰੈਂਚ ਪ੍ਰੈਜੀਡੈਂਟ ਨਿਕੋਲਸ ਹੂਲੋਟ ਦੇ ਵਿਸ਼ੇਸ਼ ਨੁਮਾਇੰਦੇ, ਅਲਾਇੰਸ ਆਫ ਰਿਲੀਜ਼ਨਜ ਐਂਡ ਕਨਜ਼ਰਵੇਸ਼ਨ (ਏ ਆਰ ਸੀ), ਬੇਯਰਡ ਪ੍ਰੈਸ, ਦਾ ਰੀਜਨਸ ਆਫ ਕਲਾਈਮੇਟ ਐਕਸ਼ਨ ਨੈਟਵਰਕ (ਆਰ ੨੦) ਅਤੇ ਦਾ ਇਕਨਾਮਿਕ, ਸੋਸ਼ਲ ਐਂਡ ਇਨਵਾਇਰਨਮੈਂਟਲ ਕੌਂਸਲ ਵੱਲੋਂ ਸਮੂਹਿਕ ਤੌਰ ਤੇ ਕਰਵਾਇਆ ਗਿਆ।
ਬੀਬੀ ਕਿਰਨਜੋਤ ਕੌਰ ਨੇ ਧਾਰਮਿਕ ਮਾਮਲਿਆਂ ਦੇ ਮੰਤਰੀ ਮਿਸਟਰ ਜੀਨ ਕ੍ਰਿਸਟੋਫੀ ਪੀਯੂਸੈਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕ੍ਰਿਪਾਨ ਦੀ ਮਹੱਤਤਾ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਸੰਮੇਲਨ ਵਿੱਚ ਕ੍ਰਿਪਾਨ ਪਾ ਕੇ ਸ਼ਾਮਿਲ ਹੋਣ ਦਿੱਤਾ ਹੈ। ਉਨ੍ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਮਿਸਟਰ ਜੀਨ ਕ੍ਰਿਸਟੋਫੀ ਪੀਯੂਸੈਲੇ ਕੋਲ ਜਾ ਕੇ ਸਿੱਖੀ ਦੀ ਸ਼ਾਨ ਦਸਤਾਰ ਅਤੇ ਕ੍ਰਿਪਾਨ ਦੇ ਮੁੱਦੇ ਤੇ ਚਰਚਾ ਕੀਤੀ।ਇਸ ਤੇ ਮਿਸਟਰ ਜੀਨ ਕ੍ਰਿਸਟੋਫੀ ਪੀਯੂਸੈਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਸਤਾਰ ਦੇ ਮੁੱਦੇ ਤੇ ਗੱਲਬਾਤ ਅੱਗੇ ਤੋਰਨ ਦਾ ਸੱਦਾ ਦਿੱਤਾ।