ਉੱਚ ਆਤਮਕ ਗੁਣਾਂ ਦੇ ਧਾਰਨੀ ਤੇ ਸੇਵਾ ਭਾਵਨਾ ‘ਚ ਲੀਨ ਰਹਿਣ ਵਾਲੇ ਸਨ ਬੀਬੀ ਭਾਨੀ ਜੀ : ਗਿਆਨੀ ਜਸਵੰਤ ਸਿੰਘ


ਅੰਮ੍ਰਿਤਸਰ 16 ਫਰਵਰੀ (       ) –
ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਗੁਰਮਤਿ ਸਮਾਗਮ ਸਮੇਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਨੇ ਕਿਹਾ ਕਿ ਸਿੱਖ ਧਰਮ ਦੀ ਸੇਵਾ ਪਰੰਪਰਾ ਵਿੱਚ ਬੀਬੀਆਂ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ, ਖਾਸ ਕਰਕੇ ਬੀਬੀ ਭਾਨੀ ਜੀ ਵੱਲੋਂ ਆਪਣੇ ਗ੍ਰਹਿਸਥ ਜੀਵਨ ਨੂੰ ਨਿਭਾਉਂਦਿਆਂ ਹੋਇਆਂ ਗੁਰੂ ਸੇਵਾ ਪ੍ਰਤੀ ਪਾਏ ਯੋਗਦਾਨ ਦੀ ਆਪਣੀ ਇਕ ਵਿਲੱਖਣ ਮਹੱਤਤਾ ਹੈ।ਉਨ੍ਹਾਂ ਕਿਹਾ ਕਿ ਉੱਚ ਆਤਮਕ ਗੁਣਾਂ ਦੇ ਧਾਰਨੀ ਤੇ ਸੇਵਾ ਭਾਵਨਾ ਵਿੱਚ ਲੀਨ ਰਹਿਣ ਵਾਲੇ ਬੀਬੀ ਭਾਨੀ ਜੀ ਨੂੰ ਜਿਥੇ ਗੁਰੂ-ਪੁੱਤਰੀ, ਗੁਰੂ-ਪਤਨੀ ਤੇ ਗੁਰੂ-ਮਾਂ ਹੋਣ ਦਾ ਮਾਣ ਪ੍ਰਾਪਤ ਹੋਇਆ, ਉਥੇ ਗੁਰੂ-ਘਰਾਂ ਦੇ ਲੰਗਰ ਪ੍ਰਬੰਧਾਂ ਵਿੱਚ ਮਿਸਾਲੀ ਸੇਵਾ ਕਰਨ ਦਾ ਸੁਭਾਗ ਵੀ ਮਿਲਿਆ।ਜਿਸ ਸਦਕਾ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪ ਦੇ ਵੰਸ਼ ਨੂੰ ਗੁਰਗੱਦੀ ਦਾ ਵਰਦਾਨ ਦਿੱਤਾ।ਉਨ੍ਹਾਂ ਕਿਹਾ ਕਿ ਭਗਤੀ ਤੇ ਸੇਵਾ ਦੇ ਪੁੰਜ ਵਜੋਂ ਸਤਿਕਾਰੇ ਜਾਂਦੇ ਬੀਬੀ ਭਾਨੀ ਜੀ ਜਦ ਵੀ ਆਸੀਸ ਦਿੰਦੇ ਤਾਂ ਕੇਵਲ ਨਾਮ, ਸਿਮਰਨ, ਸੇਵਾ ਦੀ ਹੀ ਅਸੀਸ ਦਿੰਦੇ, ਜਿਸ ਸਦਕਾ ਸਮੁੱਚਾ ਸਿੱਖ ਜਗਤ ਉਨ੍ਹਾਂ ਵੱਲੋਂ ਗੁਰੂ-ਘਰ ਦੀ ਸੇਵਾ ਪਰੰਪਰਾ ਵਿੱਚ ਪਾਏ ਵੱਡਮੁੱਲੇ ਯੋਗਦਾਨ ਤੇ ਮਾਣ ਕਰਦਾ ਹੈ।

ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ।

ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ. ਹਰਜਿੰਦਰ ਸਿੰਘ, ਸ. ਲਖਵਿੰਦਰ ਸਿੰਘ ਬਦੋਵਾਲ, ਸ. ਸਤਨਾਮ ਸਿੰਘ ਮਾਂਗਾਸਰਾਏ ਤੇ ਸ. ਲਖਬੀਰ ਸਿੰਘ ਵਧੀਕ ਮੈਨੇਜਰ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਅਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।