ਅੰਮ੍ਰਿਤਸਰ, ੧੫ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ (ਵਿਸਾਖੀ) ਮਨਾਉਣ ਲਈ ਭੇਜੇ ਜਾਣ ਵਾਲੇ ਜੱਥੇ ਲਈ ਸੰਗਤ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਸਕੱਤਰ ਸ. ਦਿਲਜੀਤ ਸਿੰਘ ‘ਬੇਦੀ’ ਨੇ ਦੱਸਿਆ ਕਿ ਜੱਥੇ ਵਿਚ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂ ਆਪਣੇ ਪਾਸਪੋਰਟ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਸਦੀਕ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ ੭ ਜਨਵਰੀ ੨੦੧੯ ਤੀਕ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਸ਼ਰਧਾਲੂ ਆਪਣੇ ਪਾਸਪੋਰਟ ਦੇ ਨਾਲ ਸ਼ਨਾਖਤੀ ਸਬੂਤ ਵਜੋਂ ਅਧਾਰ ਕਾਰਡ, ਵੋਟਰ ਕਾਰਡ ਦੀਆਂ ਫੋਟੋ ਕਾਪੀਆਂ ਵੀ ਭੇਜਣ ਅਤੇ ਇਸ ਤੋਂ ਇਲਾਵਾ ਪਾਸਪੋਰਟ ਸਾਈਜ ਦੀ ਫੋਟੋਆਂ ਵੀ ਨਾਲ ਲਗਾਉਣ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਪਾਸਪੋਰਟ ਦੀ ਮਿਆਦ ੧੩-੧੦-੨੦੧੯ ਤੀਕ ਹੋਣੀ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਰਧਾਲੂ ਮੁਕੰਮਲ ਤੇ ਦਰੁੱਸਤ ਵੇਰਵੇ ਭੇਜਣ ਤਾਂ ਜੋ ਵੱਧ-ਵੱਧ ਤੋਂ ਵੀਜ਼ੇ ਲਗਵਾਏ ਜਾ ਸਕਣ।