23.12.15ਅੰਮ੍ਰਿਤਸਰ 23 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਇਸ ਉਪਰੰਤ ਪੰਥ ਪ੍ਰਸਿੱਧ ਢਾਡੀ ਜਥਿਆਂ ਵੱਲੋਂ ਬੀਰ ਰਸੀ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ-ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਭਾਈ ਸਰਵਣ ਸਿੰਘ ਪ੍ਰਚਾਰਕ ਨੇ ਨਿਭਾਈ।
ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਦਿਆਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਤਕਰੀਬਨ ੪੦ ਸਿੰਘਾਂ ਵੱਲੋਂ ਦਸ ਲੱਖ ਦੁਸ਼ਮਣ ਫੌਜ ਦਾ ਟਾਕਰਾ ਕਰਦਿਆਂ ਚਮਕੌਰ ਦੀ ਕੱਚੀ ਗੜ੍ਹੀ ਵਿਖੇ ਹੋਏ ਇਸ ਘਮਸਾਨ ਯੁੱਧ ਦੀ ਦਾਸਤਾਨ ਬਾਰੇ ਵਿਚਾਰ ਕਰਕੇ ਸੰਗਤਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾਂ-ਨਿਰਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਰੇ ਦਿਨ-ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਅੱਜ ਪੂਰੀ ਸਿੱਖ ਕੌਮ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਤੇ ਬਾਬਾ ਸੰਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ, ਕਲਗੀਧਰ ਦਸਮੇਸ਼ ਪਿਤਾ ਦੇ ਫਰਜੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਗੁਰੂ ਕੇ ਪਿਆਰੇ ਸ਼ਹੀਦ ਸਿੰਘਾਂ ਨੇ ਦੁਸ਼ਮਣ ਦੀ ੧੦ ਲੱਖ ਫੌਜ ਨਾਲ ਚਮਕੌਰ ਦੀ ਗੜ੍ਹੀ ਦੀ ਜੰਗ ਵਿੱਚ ਜੂਝਦਿਆਂ ਇਕ ਅਦੁੱਤੀ ਮਿਸਾਲ ਕਾਇਮ ਕੀਤੀ।ਉਨ੍ਹਾਂ ਕਿਹਾ ਕਿ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਗ ਵਿੱਚ ਆਪਣੇ ਪਿਆਰੇ ਸਿੰਘਾਂ ਦੇ ਨਾਲ-ਨਾਲ ਦੋ ਬੇਟੇ ਵੀ ਸ਼ਹੀਦ ਕਰਵਾਏ, ਪਰ ਮੁੱਖੋਂ ਸੀ ਨਾ ਉੱਚਰੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਵੀ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਸਮ ਪਿਤਾ ਦੇ ਲਾਲਾਂ ਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਸਮੂਹ ਸੰਗਤਾਂ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਦੇ ਲੜ੍ਹ ਲਾਉਣ ਲਈ ਪ੍ਰੇਰਣਾ ਸਰੋਤ ਬਨਣ।
ਉਨ੍ਹਾਂ ਕਿਹਾ ਕਿ  ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ 26 ਦਸੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਣਗੇ ਤੇ 28 ਤਾਰੀਖ ਨੂੰ ਭੋਗ ਪਾਏ ਜਾਣਗੇ।ਉਨ੍ਹਾਂ ਦੱਸਿਆ ਕਿ 26 ਤੋਂ 28 ਤਾਰੀਖ ਤੀਕ ਛੋਟੇ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੁੱਖ ਸਮਾਗਮ ਹੋਣਗੇ।  ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਹੋ ਰਹੇ ਧਾਰਮਿਕ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਸੁਲੱਖਣ ਸਿੰਘ, ਸ. ਹਰਜਿੰਦਰ ਸਿੰਘ, ਸ.ਹਰਪ੍ਰੀਤ ਸਿੰਘ. ਸ੍ਰ: ਸੁਖਰਾਜ ਸਿੰਘ ਅਤੇ ਸ.ਸਤਨਾਮ ਸਿੰਘ ਐਡੀ. ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਮਲਕੀਤ ਸਿੰਘ ਬਹਿੜਵਾਲ, ਸ.ਦਰਸ਼ਨ ਸਿੰਘ ਮੀਤ ਮੈਨੇਜਰ, ਭਾਈ ਸਰਵਣ ਸਿੰਘ ਪ੍ਰਚਾਰਕ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ਼ ਅਤੇ ਭਾਰੀ ਗਿਣਤੀ ਸੰਗਤਾਂ ਹਾਜ਼ਰ ਸਨ।