ਅੰਮ੍ਰਿਤਸਰ 29 ਜੂਨ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ੇਰ-ਏ-ਪੰਜਾਬ, ਧਰਮ ਨਿਰਪੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ੧੭੬ਵੀਂ ਬਰਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਲਿਆ।

ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਧਰਮ ਨਿਰਪੱਖ ਤੇ ਇਨਸਾਫ ਪਸੰਦ ਮਹਾਰਾਜਾ ਸਨ।ਉਹਨਾਂ ਦੇ ਰਾਜ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਨਿਆਂ ਮਿਲਦਾ ਸੀ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਹੁੰਦਾ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੂਰਬੀਰਤਾ ਅਤੇ ਸ਼ਕਤੀ ਦਾ ਲੋਹਾ ਸਾਰੇ ਸੰਸਾਰ ਨੇ ਮੰਨਿਆ।ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੋਨੇ ਦੀ ਸੇਵਾ ਵੀ ਕਰਵਾਈ ਹੈ।ਉਪਰੰਤ ਸਜੇ ਦੀਵਾਨ ਵਿੱਚ ਵੱਖ-ਵੱਖ ਕਵੀਆਂ ਜਿਨ੍ਹਾਂ ‘ਚ ਸ. ਅਵਤਾਰ ਸਿੰਘ ‘ਤਾਰੀ’, ਸ. ਅਜੀਤ ਸਿੰਘ ‘ਰਤਨ’, ਸ. ਰਣਜੀਤ ਸਿੰਘ, ਸ. ਗੁਰਬਚਨ ਸਿੰਘ ‘ਖੇਮਕਰਨੀ’, ਸ. ਬਲਬੀਰ ਸਿੰਘ ‘ਬੱਲ’, ਸ. ਹਰਨੇਕ ਸਿੰਘ ‘ਵਡਾਲੀ’, ਸ. ਪਿਆਰਾ ਸਿੰਘ ‘ਜਾਚਕ’, ਸ. ਸਤਬੀਰ ਸਿੰਘ ‘ਸ਼ਾਨ’, ਸ. ਤਿਰਲੋਚਨ ਸਿੰਘ ‘ਦਿਵਾਨਾ’, ਸ. ਗੁਰਚਰਨ ਸਿੰਘ, ਸ. ਮਲਕੀਤ ਸਿੰਘ ‘ਮੱਤੇਵਾਲ’, ਸ. ਹਰਭਜਨ ਸਿੰਘ ‘ਸਾਜਨ’, ਸ. ਕੁਲਦੀਪ ਸਿੰਘ ਆਦਿ ਸ਼ਾਮਲ ਹਨ ਤੇ ਭਾਈ ਗੁਰਭੇਜ ਸਿੰਘ ‘ਚਵਿੰਡਾ’ ਦੇ ਢਾਡੀ ਜਥੇ ਨੇ ਕਵਿਤਾਵਾਂ ਤੇ ਢਾਡੀ ਵਾਰਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ।

ਇਸ ਮੌਕੇ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਕਰਮਬੀਰ ਸਿੰਘ, ਸ. ਸਲਵਿੰਦਰ ਸਿੰਘ ਤੇ ਸ. ਬਲਕਾਰ ਸਿੰਘ ਜੌੜਾ ਇੰਚਾਰਜ, ਸ. ਜਤਿੰਦਰ ਸਿੰਘ ਤੇ ਸ. ਭੁਪਿੰਦਰ ਸਿੰਘ ਵਧੀਕ ਮੈਨੇਜਰ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸ/ਸੁਪ੍ਰਿੰਟੈਂਡੈਂਟ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।