1 copyਅੰਮ੍ਰਿਤਸਰ 27 ਅਕਤੂਬਰ – ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ੨੯ ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਵੀਸ਼ਰੀ ਗਾਇਨ ਮੁਕਾਬਲੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਦੀ ਨਿਗਰਾਨੀ ਹੇਠ ਕਰਵਾਏ ਗਏ।ਜਿਸ ਵਿੱਚ ਬੱਚਿਆਂ ਨੂੰ ‘ਖ਼ਾਲਸਾ ਰਾਜ ਦੀ ਚੜ੍ਹਦੀ ਕਲਾ’ ਵਿਸ਼ਾ ਦਿੱਤਾ ਗਿਆ।ਬੱਚਿਆਂ ਨੂੰ ਪਰਖਣ ਲਈ ਸ. ਗੁਰਪਾਲ ਸਿੰਘ ਕਲਾਨੌਰ, ਸ. ਸੁਰਿੰਦਰ ਸਿੰਘ ਨਿਮਾਣਾ ਤੇ ਸ. ਗੁਰਿੰਦਰਪਾਲ ਸਿੰਘ ਬੈਂਕਾ ਨੇ ਮੁੱਖ ਜੱਜ ਵਜੋਂ ਭੂਮਿਕਾ ਨਿਭਾਈ।ਹਰੇਕ ਬੱਚੇ ਨੂੰ 8 ਤੋਂ 10 ਮਿੰਟ ਦਾ ਸਮਾਂ ਦਿੱਤਾ ਗਿਆ।ਇਨ੍ਹਾਂ ਮੁਕਾਬਲਿਆਂ ‘ਚ ਪੰਜਾਬ ਭਰ ‘ਚੋਂ 15 ਸਕੂਲਾਂ ਦੇ ਤਕਰੀਬਨ 45 ਬੱਚਿਆਂ ਨੇ ਭਾਗ ਲਿਆ।ਇਨ੍ਹਾਂ ਕਵੀਸ਼ਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ਅੰਮ੍ਰਿਤਸਰ, ਦੂਜਾ ਸਥਾਨ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਜਸਪਾਲ ਨਗਰ ਤੇ ਤੀਸਰਾ ਸਥਾਨ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰੀਤ ਨਗਰ, ਸੋਢਲ ਰੋਡ ਜਲੰਧਰ ਨੇ ਹਾਸਲ ਕੀਤਾ।ਮੰਚ ਦੀ ਸੇਵਾ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ਤੇ ਭਾਈ ਤਰਸੇਮ ਸਿੰਘ ਪ੍ਰਚਾਰਕ ਨੇ ਨਿਭਾਈ।
ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ 29 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਸ. ਸਤਵਿੰਦਰ ਸਿੰਘ, ਬੀਬੀ ਮਨਜੀਤ ਕੌਰ ਤੇ ਬੀਬੀ ਕਿਰਨਦੀਪ ਕੌਰ ਰਿਸਰਚ ਸਕਾਲਰ ਵੀ ਮੌਜੂਦ ਸਨ।