30-04-2015-2
ਅੰਮ੍ਰਿਤਸਰ :30 ਅਪ੍ਰੈਲ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ. ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਭਾਈ ਸੁਲਤਾਨ ਸਿੰਘ ਅਰਦਾਸੀਏ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਸ. ਹਰੀ ਸਿੰਘ ਨਲੂਆ ਦੇ ਜੀਵਨ ‘ਤੇ ਰੌਸ਼ਨੀ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸ. ਹਰੀ ਸਿੰਘ ਨਲੂਆ ਅਜਿਹੇ ਸੂਰਬੀਰ ਸਿੱਖ ਜਰਨੈਲ ਸਨ ਜਿਨ੍ਹਾਂ ਕਸ਼ਮੀਰ, ਪਿਸ਼ੌਰ ਤੇ ਲੱਦਾਖ ਦੀਆਂ ਜਿੱਤਾਂ ‘ਚ ਅਹਿਮ ਭੂਮਿਕਾ ਨਿਭਾਉਂਦਿਆਂ ਖਾਲਸਾ ਬਹਾਦਰਾਂ ‘ਚ ਸਵੈ-ਮਾਨ ਤੇ ਵਿਸ਼ਵਾਸ਼ ਪੈਦਾ ਕੀਤਾ।ਉਨ੍ਹਾਂ ਕਿਹਾ ਕਿ ਜਮਰੌਦ ਦੀ ਜੰਗ ਸਮੇਂ ਸ. ਹਰੀ ਸਿੰਘ ਨਲੂਆ ਨੇ ਦੁਸ਼ਮਣ ਪਠਾਣਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕਰਦਿਆਂ ਅੰਤ ਸ਼ਹੀਦੀ ਦਾ ਜਾਮ ਪੀਤਾ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਸ. ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਸਮੇਂ ਉਨ੍ਹਾਂ ਦੇ ਪਰਿਵਾਰ ਵਿਚੋਂ ਸ. ਕੁਸ਼ਲਦੀਪ ਸਿੰਘ ਨਲੂਆ, ਸ. ਹਰਦੀਪ ਸਿੰਘ ਨਲੂਆ, ਬੀਬੀ ਪ੍ਰਵੀਨ ਕੌਰ ਨਲੂਆ, ਬੀਬੀ ਅੰਮ੍ਰਿਤਾ ਕੌਰ ਨਲੂਆ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਨਾਲ ਆਏ ਸੁਰਿੰਦਰ ਕੋਛੜ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ.ਰੂਪ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਤੇ ਸ. ਰਣਜੀਤ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ, ਸ. ਅਰਵਿੰਦਰ ਸਿੰਘ ਏ ਪੀ ਆਰ ਓ, ਸ. ਸੁਖਰਾਜ ਸਿੰਘ, ਸ. ਜਤਿੰਦਰ ਸਿੰਘ ਤੇ ਸ.ਬਿਅੰਤ ਸਿੰਘ ਅਨੰਦਪੁਰੀ ਵਧੀਕ ਮੈਨੇਜਰ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ਼ ਅਤੇ ਸੰਗਤਾਂ ਹਾਜ਼ਰ ਸਨ।