ਅੰਮ੍ਰਿਤਸਰ 17 ਫ਼ਰਵਰੀ- ਵਿਦੇਸ਼ਾਂ ਅੰਦਰ ਸਿੱਖਾਂ ਉੱਤੇ ਹੁੰਦੇ ਨਸਲੀ ਹਮਲਿਆਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ। ਅਮਰੀਕਾ ਦੇ ਇਲੀਨੋਇਸ ਸੂਬੇ ਵਿਚ ਗੁਰਜੀਤ ਸਿੰਘ ਨਾਂ ਦੇ ਇਕ ਉਬੇਰ ਟੈਕਸੀ ਡਰਾਈਵਰ ‘ਤੇ ਟੈਕਸੀ ਸਵਾਰ ਗੋਰੇ ਵੱਲੋਂ ਪਿਸਤੋਲ ਤਾਣ ਕੇ ਧਮਕੀ ਦੇਣ ਅਤੇ ਨਸਲੀ ਟਿੱਪਣੀਆਂ ਕਰਨ ਦੇ ਸਾਹਮਣੇ ਆਏ ਮਾਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਵਰਤਾਰਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਅੱਜ ਸਿੱਖ ਵਿਦੇਸ਼ਾਂ ਅੰਦਰ ਸਰਕਾਰਾਂ ਦਾ ਵੀ ਹਿੱਸਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਭਾਰਤ ਸਰਕਾਰ ਨੂੰ ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਨਾਲ ਗੱਲ ਕਰਨੀ ਚਾਹੀਦੀ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।