ਅੰਮ੍ਰਿਤਸਰ ੪ ਜਨਵਰੀ ( )- ਅਮਰੀਕਾ ਵਿਚ ਪਹਿਲੀ ਦਸਤਾਰਧਾਰੀ ਕਮਰਸ਼ੀਅਲ ਪਾਇਲਟ ਬਣੀ ਅਰਪਿੰਦਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿੱਤੀ ਹੈ। ਦਫਤਰ ਤੋਂ ਜਾਰੀ ਬਿਆਨ ਵਿਚ ਭਾਈ ਲੌਂਗੋਵਾਲ ਕਿਹਾ ਕਿ ਅਮਰੀਕਾ ਦੀ ਕਮਰਸ਼ਲ ਕੰਪਨੀ ਵੱਲੋਂ ਦਸਤਾਰਧਾਰੀ ਬੀਬੀ ਅਰਪਿੰਦਰ ਕੌਰ ਨੂੰ ਪਾਇਲਟ ਨਿਯੁਕਤ ਕਰਨਾ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਰਪਿੰਦਰ ਕੌਰ ਦੀ ਇਸ ਨਿਯੁਕਤੀ ਨਾਲ ਜਿਥੇ ਸਿੱਖ ਫਖਰ ਤੇ ਮਾਣ ਮਹਿਸੂਸ ਕਰ ਰਹੇ ਹਨ ਉਥੇ ਹੀ ਇਸ ਨਾਲ ਸਿੱਖੀ ਪਹਿਚਾਣ ਨੂੰ ਵੀ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖੀ ਸਰੂਪ ‘ਚ ਰਹਿੰਦਿਆਂ ਵੀ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਤਰੱਕੀ ਕੀਤੀ ਜਾ ਸਕਦੀ ਹੈ। ਉਨ੍ਹਾਂ ਅਰਪਿੰਦਰ ਕੌਰ ਦੇ ਨਾਲ-ਨਾਲ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੈਨੇਡੀਅਨ ਫੌਜ ਵਿਚ ਸਿੱਖਾਂ ਦੀ ਸ਼ਾਨ ਵਧਾਉਣ ਵਾਲੇ ਬਲਰਾਜ ਸਿੰਘ ਦਿਓਲ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ. ਦਿਓਲ ਵੱਲੋਂ ਵੱਖ-ਵੱਖ ਥਾਵਾਂ ਤੇ ਕੰਮ ਕਰਦਿਆਂ ਆਪਣੀ ਕਾਬਲੀਅਤ ਨਾਲ ਮਾਣ ਪ੍ਰਾਪਤ ਕੀਤਾ ਹੈ। ਸ. ਦਿਓਲ ਦਾ ਕੈਨੇਡੀਅਨ ਫੋਰਸਜ਼ ਲਈ ਸੈਕੰਡ ਲੈਫਟੀਨੈਂਟ ਆਰਟਿਲਰੀ ਅਫ਼ਸਰ ਚੁਣੇ ਜਾਣਾ ਸਿੱਖਾਂ ਲਈ ਮਾਣ ਵਾਲੀ ਗਲ ਹੈ। ਉਨ੍ਹਾਂ ਸ. ਦਿਓਲ ਦੇ ਪਰਿਵਾਰ ਨੂੰ ਵੀ ਵਧਾਈ ਦਿੱਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ਿਆ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤ ਸਾਡੀ ਵੱਖਰੀ ਤੇ ਨਿਵੇਕਲੀ ਪਛਾਣ ਹਨ, ਜੋ ਵਿਦੇਸ਼ੀ ਸਰਕਾਰਾਂ ਵੱਲੋਂ ਸਿੱਖਾਂ ਉਪਰ ਦਿਖਾਈ ਜਾਂਦੀ ਭਰੋਸੇਯੋਗਤਾ ਦਾ ਮੁੱਖ ਕਾਰਨ ਹੈ। ਉਨ੍ਹਾਂ ਅਜੋਕੀ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ੀ ਸਿੱਖਾਂ ਤੋਂ ਸਾਬਤ ਸੂਰਤ ਰਹਿੰਦਿਆਂ ਕਿਸੇ ਵੀ ਖੇਤਰ ਵਿਚ ਤਰੱਕੀ ਕਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।