ਸੰਗਰੂਰ, ੨੩ ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਸੰਤ ਪੰਚਮੀ ਮੌਕੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸਾਹਿਬ ਕੈਂਬੋਵਾਲ (ਲੌਂਗੋਵਾਲ) ਵਿਖੇ ਕੀਰਤਨ ਦੀ ਸੇਵਾ ਨਿਭਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸੋਸ਼ਲ ਮੀਡੀਆ ‘ਤੇ ਭਾਈ ਲੌਂਗੋਵਾਲ ਵੱਲੋਂ ਕੀਰਤਨ ਕਰਨ ਦੀ ਵੀਡੀਓ ਨੂੰ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਭਾਈ ਲੌਂਗੋਵਾਲ ਇਕ ਚੰਗੇ ਕੀਰਤਨੀਏ ਹਨ ਅਤੇ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਵਿਚਰਦਿਆਂ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਉਹ ਪੰਜ ਪਿਆਰਿਆਂ ਵਿਚ ਸ਼ਾਮਲ ਹੋ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਤੀਸਰੇ ਪ੍ਰਧਾਨ ਹਨ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਅੰਮ੍ਰਿਤ ਸੰਚਾਰ ਜਥੇ ਵਿਚ ਸ਼ਾਮਲ ਹੋ ਕੇ ਸੇਵਾ ਨਿਭਾਉਣ ਦਾ ਜ਼ਿਕਰ ਮਿਲਦਾ ਹੈ। ਭਾਈ ਲੌਂਗੋਵਾਲ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੋਂ ਬਾਅਦ ਇਕ ਕੀਰਤਨੀਏ ਵੱਜੋਂ ਸਾਹਮਣੇ ਆਉਣਾ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਲਈ ਚੰਗੀਆਂ ਸੰਭਾਵਨਾਵਾਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।