੫੫੦ ਸਾਲਾ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਪੁਰਾਤਨ ਪੁਸਤਕਾਂ ਨੂੰ ਮੁੜ ਛਾਪੇਗੀ-ਭਾਈ ਲੌਂਗੋਵਾਲ

ਅੰਮ੍ਰਿਤਸਰ, ੦੮ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪੁਸਤਕ ‘ਗੁਰੂ ਨਾਨਕ ਵਿਚਾਰਧਾਰਾ’ ਅਤੇ ਯਾਦਗਾਰੀ ਸਿੱਖ ਡਾਇਰੀ ਛਾਪਣ ਦਾ ਫੈਸਲਾ ਕੀਤਾ ਹੈ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱਤਰਤਾ ਦੌਰਾਨ ਇਹ ਫੈਸਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱੱਤਰਤਾ ‘ਚ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਬੈਜ (ਬਿੱਲੇ) ਤਿਆਰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਪੁਰਾਤਨ ਪੁਸਤਕਾਂ ਨੂੰ ਮੁੜ ਛਪਵਾਉਣ ਦਾ ਫੈਸਲਾ ਕੀਤਾ ਹੈ, ਇਸ ਤਹਿਤ ਮੁੱਢਲੇ ਤੌਰ ‘ਤੇ ਕੁਝ ਪੁਸਤਕਾਂ ਛਪਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਇਤਿਹਾਸਕ ਮੌਕੇ ‘ਤੇ ਨਵੀਆਂ ਪੁਸਤਕਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਕਾਰਜ ਲਈ ਵੱਖ-ਵੱਖ ਸਿੱਖ ਵਿਦਵਾਨਾਂ ਪਾਸੋਂ ਵਿਸ਼ੇਸ਼ ਲੇਖ ਮੰਗਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤ੍ਰੈਕਾਲੀ ਦ੍ਰਿਸ਼ਟੀ’ ਇਕ ਪੁਸਤਕ ਲਗਪਗ ਤਿਆਰ ਹੈ, ਜਿਸ ਨੂੰ ਅਗਲੇ ਦਿਨਾਂ ਵਿਚ ਸੰਗਤ ਅਪਰਣ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬੀਤੇ ਸਮੇਂ ‘ਚ ਪ੍ਰਸਿੱਧ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੀ ਪੁਸਤਕ ‘ਡਾਇਰੀ ਦੇ ਪੰਨੇ’ ਛਾਪੀ ਗਈ ਸੀ, ਜਿਸ ਦੇ ਕੁਝ ਸਮਾਂ ਪਹਿਲਾਂ ਛਾਪਣ ਦੇ ਅਧਿਕਾਰ ਸ. ਭੰਵਰ ਨੇ ਵਾਪਸ ਲੈ ਲਏ ਸਨ। ਲੇਖਕ ਵੱਲੋਂ ਹੁਣ ਸ਼੍ਰੋਮਣੀ ਕਮੇਟੀ ਨੂੰ ਮੁੜ ਅਧਿਕਾਰ ਦੇਣ ਲਈ ਪੱਤਰ ਭੇਜਿਆ ਗਿਆ ਹੈ ਅਤੇ ਇਸ ਪੁਸਤਕ ਨੂੰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਪ੍ਰਕਾਸ਼ਤ ਕਰਵਾਇਆ ਜਾਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ. ਭੰਵਰ ਦੀ ਸਿਹਤ ਠੀਕ ਨਾ ਰਹਿਣ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਕ ਹੋਰ ਵਿਸ਼ੇਸ਼ ਫੈਸਲੇ ਸਬੰਧੀ ਭਾਈ ਲੌਂਗੋਵਾਲ ਨੇ ਦੱਸਿਆ ਕਿ ਸਿੱਖ ਇਤਿਹਾਸ, ਗੁਰਬਾਣੀ, ਗੁਰਮਤਿ ਸਿਧਾਂਤਾਂ ਨਾਲ ਸਬੰਧਤ ਸਰਵਉੱਚ ਪੁਸਤਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਚੇਚੇ ਇਨਾਮ ਦਿੱਤੇ ਜਾਇਆ ਕਰਨਗੇ। ਇਸ ਤਹਿਤ ਸਾਲ ਵਿਚ ਇਕ ਪੰਜਾਬੀ ਭਾਸ਼ਾ ਵਿਚ ਗੁਰਮਤਿ ਨਾਲ ਸਬੰਧਤ ਸਰਵੋਤਮ ਪੁਸਤਕ ਦੇ ਲੇਖਕ ਅਤੇ ਇਕ ਕਿਸੇ ਹੋਰ ਭਾਸ਼ਾ ਦੀ ਗੁਰਮਤਿ ਸਬੰਧੀ ਪੁਸਤਕ ਦੇ ਲੇਖਕ ਨੂੰ ੫੧-੫੧ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਕੱਤਰਤਾ ਦੌਰਾਨ ਭਾਈ ਲੌਂਗੋਵਾਲ ਤੋਂ ਇਲਾਵਾ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਡਾ. ਪਰਮਵੀਰ ਸਿੰਘ, ਪ੍ਰੋ. ਪ੍ਰਭਜੋਤ ਕੌਰ ਚੰਡੀਗੜ੍ਹ, ਸ. ਹਰਵਿੰਦਰ ਸਿੰਘ ਖ਼ਾਲਸਾ ਬਠਿੰਡਾ, ਡਾ. ਰੂਪ ਸਿੰਘ ਮੁੱਖ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਸਕੱਤਰ, ਸ. ਸਿਮਰਜੀਤ ਸਿੰਘ ਕੰਗ ਮੀਤ ਸਕੱਤਰ, ਡਾ. ਅਮਰਜੀਤ ਕੌਰ ਇੰਚਾਰਜ, ਡਾ. ਰਣਜੀਤ ਕੌਰ ਪੰਨਵਾਂ ਸਕਾਲਰ ਅਤੇ ਹੋਰ ਮੌਜੂਦ ਸਨ।