ਅੰਮ੍ਰਿਤਸਰ, ੨੧ ਅਗਸਤ- ਆਸਟਰੀਆ ਦੇ ਸ਼ਹਿਰ ਵਿਆਨਾ ਦੇ ਹਵਾਈ ਅੱਡੇ ‘ਤੇ ਖ਼ਾਲਸਾ ਏਡ ਦੇ ਸੰਸਥਾਪਕ ਸ. ਰਵੀ ਸਿੰਘ ‘ਤੇ ਹੋਈ ਨਸਲੀ ਟਿੱਪਣੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਰਵੀ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਏਡ ਵੱਲੋਂ ਬਿਨਾ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੰਸਥਾ ਦੇ ਵਲੰਟੀਅਰ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਸਿਧਾਂਤਾਂ ਅਨੁਸਾਰ ਬਿਨਾ ਭੇਦ-ਭਾਵ ਕੀਤੇ ਨਿਸ਼ਕਾਮ ਤੌਰ ‘ਤੇ ਸੇਵਾਵਾਂ ਨਿਭਾਉਂਦੇ ਹਨ। ਦੁਨੀਆ ਭਰ ਵਿਚ ਆਈਆਂ ਮੁਸੀਬਤਾਂ ਸਮੇਂ ਇਸ ਸੰਸਥਾ ਵੱਲੋਂ ਲੋੜਵੰਦਾਂ ਦੀ ਬਾਂਹ ਫੜ੍ਹ ਕੇ ਸਿੱਖ ਧਰਮ ਦਾ ਨਾਂ ਉੱਚਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ ਅਤੇ ਸਬੰਧਤ ਦੇਸ਼ਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਖ਼ਾਲਸਾ ਪੰਥ ਦੇ ਸਿਧਾਂਤਾਂ ਅਨੁਸਾਰ ਬਿਨਾ ਭੇਦ-ਭਾਵ ਦੇ ਕੀਤੀ ਜਾ ਰਹੀ ਸੇਵਾ ਦੇ ਕਾਰਨ ਸ. ਰਵੀ ਸਿੰਘ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਪਹਿਚਾਣ ਹੈ। ਮਨੁੱਖਤਾ ਦੀ ਸੇਵਾ ਲਈ ਸਦਾ ਤੱਤਪਰ ਰਹਿਣ ਵਾਲੇ ਅਜਿਹੇ ਸਿੱਖ ‘ਤੇ ਸੌੜੀ ਸੋਚ ਕਾਰਨ ਕੀਤੀ ਗਈ ਗਲਤ ਟਿੱਪਣੀ ਅਤੀ ਨਿੰਦਣਯੋਗ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਆਸਟਰੀਆ ‘ਚ ਵਾਪਰੀ ਇਹ ਘਟਨਾ ਕਾਰਨ ਸਿੱਖ ਹਿਰਦਿਆਂ ਵਿਚ ਰੋਸ ਹੈ ਅਤੇ ਅਜਿਹੀਆਂ ਟਿੱਪਣੀਆਂ ਵਿਦੇਸ਼ਾਂ ਵਿਚ ਵੱਸ ਰਹੇ ਸਿੱਖਾਂ ਵਿਚ ਚਿੰਤਾ ਪੈਦਾ ਕਰਦੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਬਧੰਤ ਦੇਸ਼ ਪਾਸ ਇਹ ਮਸਲਾ ਉਠਾਇਆ ਜਾਵੇ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਟਿੱਪਣੀ ਨਾ ਕਰ ਸਕੇ।