ਅੰਮ੍ਰਿਤਸਰ ੧੧ ਜਨਵਰੀ ( )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ੧੯੮੪ ਵਿਚ ਹੋਏ ਸਿੱਖ ਕਤਲੇਆਮ ਦੇ ਬੰਦ ਕੀਤੇ ਗਏ ੧੮੬ ਕੇਸਾਂ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਨਵੇਂ ਸਿਰਿਓਂ ਜਾਂਚ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਉਥੇ ਹੀ ਸਿੱਖਾਂ ਨੂੰ ਕਈ ਦਹਾਕੇ ਬੀਤ ਜਾਣ ‘ਤੇ ਵੀ ਇਨਸਾਫ ਨਾ ਮਿਲਣ ਲਈ ਅਫਸੋਸ ਵੀ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਜ਼ਰੂਰ ਬੱਝੀ ਹੈ ਪਰੰਤੂ ਇਨਸਾਫ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਰਕਾਰਾਂ ਵੱਲੋਂ ਵੱਖ-ਵੱਖ ਜਾਂਚ ਕਮਿਸ਼ਨ ਬਣਾਏ ਜਾਂਦੇ ਰਹੇ ਹਨ ਅਤੇ ਨਵੇਂ ਬਣੇ ਕਮਿਸ਼ਨ ਵੱਲੋਂ ਪਿਛਲੇ ਕਮਿਸ਼ਨ ਦੀ ਕੀਤੀ ਜਾਂਚ ਨੂੰ ਦੁਬਾਰਾ ਨਵੇਂ ਸਿਰਿਓ ਕਰਨ ਵਿਚ ਲੰਮਾ ਸਮਾਂ ਲੰਘਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪਿਛਲੇ ੩੩ ਸਾਲਾਂ ਤੋਂ ਇਨਸਾਫ ਲੈਣ ਲਈ ਅਦਾਲਤਾਂ ਉਪਰ ਆਸ ਲਗਾਈ ਬੈਠੇ ਹਨ, ਜਿਨ੍ਹਾਂ ਵਿਚੋਂ ਕਈ ਤਾਂ ਇਨਸਾਫ ਦੀ ਉਡੀਕ ਵਿਚ ਪ੍ਰਾਣ ਵੀ ਤਿਆਗ ਚੁੱਕੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਕਤਲੇਆਮ ਵਿਚ ਸ਼ਾਮਲ ਲੋਕਾਂ ਦੇ ਨਾਮ ਜਗਜਾਹਰ ਹਨ ਪਰ ਇਸਦੇ ਬਾਵਜੂਦ ਵੀ ਦੋਸ਼ੀ ਸਾਲਾਂ ਤੋਂ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਤੇ ਮਾਨਯੋਗ ਸੁਪਰੀਮ ਕੋਰਟ ਤੋਂ ਮੰਗ ਕਰਦੇ ਹਾਂ ਕਿ ਪੀੜ੍ਹਤ ਸਿੱਖਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ।