ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਦਰਸ਼ਨ ਦੀਦਾਰ ਯਾਤਰਾ ਦਾ ਨਿੱਘਾ ਸਵਾਗਤ

ਸ੍ਰ੍ਰੀ ਅਨੰਦਪੁਰ ਸਾਹਿਬ: 18 ਜੂਨ – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਗੁਰੂ ਸਾਹਿਬਾਨ ਦੇ ਹੱਥਾਂ ਦੀ ਛੋਹ ਪ੍ਰਾਪਤ ਸ਼ਸਤਰ ਤੇ ਪਵਿੱਤਰ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ 6 ਮਈ 2015 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਰਵਾਨਾ ਹੋਈ ਸੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਤੋਂ ਹੁੰਦਿਆਂ ਲੱਖਾਂ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਕੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਤੋਂ ਪੁੱਜੀ ਸੀ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪਹੁੰਚਣ ਤੇ ਜਥੇ. ਅਵਤਾਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਮੈਂਬਰ ਤੇ ਮੈਂਬਰ ਸਾਹਿਬਾਨ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰ ਦਲਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਟੀ.ਵੀ. ਚੈਨਲਾਂ ਦੇ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਬਹੁਤ ਵੱਡਾ ਇਤਿਹਾਸ ਹੈ ਇਸੇ ਪਾਵਨ ਧਰਤੀ ‘ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਖ-ਵੱਖ ਧਰਮਾ, ਜਾਤਾਂ, ਸੂਬਿਆਂ ਤੋਂ ਆਏ ਵੱਡੇ ਇਕੱਠ ਵਿਚੋਂ ਪੰਜ ਪਿਆਰੇ ਸਾਹਿਬਾਨ ਦੀ ਚੋਣ ਕੀਤੀ, ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਨਿਆਰਾ ਖ਼ਾਲਸਾ ਸਾਜ ਕੇ ਸਿੱਖ ਕੌਮ ਨੂੰ ਵੱਖਰੀ ਪਹਿਚਾਣ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਤਿਹਾਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਧਰਤੀ ਦੇ ਇਤਿਹਾਸ ਨੂੰ ਪੂਰੀ ਦੁਨੀਆਂ ਦੇ ਨਕਸ਼ੇ ਤੇ ਹੋਰ ਉਭਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਦੇ ਨਾਮ ਤੇ ਪੰਜ ਗੇਟ ਅਤੇ ਇਕ ਆਧੁਨਿਕ ਸਹੂਲਤਾਂ ਵਾਲਾ ਹਾਲ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਸ਼ਸਤਰ ਅਤੇ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਸਮੁੱਚੇ ਪੰਜਾਬ ਵਾਸੀਆਂ ਨੇ ਵੱਡੇ ਪੱਧਰ ਤੇ ਕੀਤੇ ਹਨ ਤੇ ਸ਼੍ਰੋਮਣੀ ਕਮੇਟੀ ਨੇ ਜੋ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਦਰਸ਼ਨ ਦੀਦਾਰ ਯਾਤਰਾ ਸ਼ੁਰੂ ਕੀਤੀ ਹੈ ਉਸ ਨਾਲ ਸਿੱਖੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਜਿਸ ਲਈ ਮੈਂ ਸਮੂੰਹ ਸਿੱਖ ਜਥੇਬੰਦੀਆਂ, ਟਕਸਾਲਾਂ ਨਿਹੰਗ ਸਿੰਘ ਦਲਾਂ, ਨਿਰਮਲ ਭੇਖ, ਫੈਡਰੇਸ਼ਨਾ, ਧਾਰਮਿਕ ਸਭਾ ਸੁਸਾਇਟੀਆਂ, ਧਾਰਮਿਕ ਤੇ ਰਾਜਸੀ ਦਲਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੋਂ ਵੀ ਅਜਿਹੇ ਉਪਰਾਲੇ ਜਾਰੀ ਰੱਖੇਗੀ।