ਅੰਮ੍ਰਿਤਸਰ, 19 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅੰਤ੍ਰਿੰਗ ਮੈਂਬਰ ਤੇ ਫਾਰਗ ਮੁਲਾਜਮਾਂ ਬਾਰੇ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਹੈ ਕਿ ਫਾਰਗ ਮੁਲਾਜਮਾਂ ਦੇ ਮਾਮਲੇ ਨੂੰ ਸਬ ਕਮੇਟੀ ਵੱਲੋਂ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਲਈ ਬਣਾਈ ਸਬ ਕਮੇਟੀ ਨੇ ਕਾਫੀ ਹੱਦ ਤੱਕ ਕੰਮ ਮੁਕੰਮਲ ਕਰ ਲਿਆ ਹੈ ਪਰੰਤੂ ਹੁਣ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੀ ਤਾਰੀਕ ਤੈਅ ਹੋਣ ਕਾਰਨ ਇਸ ਸਬੰਧੀ ਬਾਅਦ ਵਿਚ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਾਰਗ ਮੁਲਾਜਮਾਂ ਦੀ ਸਹਿਮਤੀ ‘ਤੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸਬ ਕਮੇਟੀ ਗਠਿਤ ਕੀਤੀ ਸੀ ਅਤੇ ਇਸ ਕਮੇਟੀ ਵੱਲੋਂ ਆਪਣਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਫਾਰਗ ਮੁਲਾਜਮਾਂ ਨੂੰ ਕਿਹਾ ਕਿ ਉਹ ਸਬ ਕਮੇਟੀ ‘ਤੇ ਭਰੋਸਾ ਰੱਖਣ ਅਤੇ ਰਿਪੋਰਟ ਆਉਣ ਤੱਕ ਉਨ੍ਹਾਂ ਨੂੰ ਸਹਿਯੋਗ ਕਰਨ। ਉਨ੍ਹਾਂ ਫਾਰਗ ਮੁਲਾਜਮਾਂ ਨੂੰ ਧਰਨਾ ਨਾ ਦੇਣ ਵੀ ਅਪੀਲ ਕੀਤੀ।