ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੀ ਹੋਈ ਇਕੱਤਰਤਾ

ਅੰਮ੍ਰਿਤਸਰ 15 ਸਤੰਬਰ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ ਦੇ ਨਵ-ਨਿਯੁਕਤ ਕੀਤੇ ਗਏ ਮੈਂਬਰਾਂ ਦੀ ਪਲੇਠੀ ਇਕੱਤਰਤਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ, ਸ੍ਰੀ ਅੰਮ੍ਰਿਤਸਰ ਵਿਖੇ ਟਰੱਸਟ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਹੋਈ। ਇਸ ਇਕੱਤਰਤਾ ਵਿਚ ਟਰੱਸਟ ਦੇ ਮੈਂਬਰ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ, ਵਿਸ਼ਵ ਪ੍ਰਸਿੱਧ ਡਾਕਟਰ ਹਰਦਾਸ ਸਿੰਘ, ਡਾ: ਗੁਰਪ੍ਰੀਤ ਸਿੰਘ ਵਾਂਡਰ, ਜਥੇਦਾਰ ਸੁੱਚਾ ਸਿੰਘ ਲੰਗਾਹ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ. ਸੁਰਜੀਤ ਸਿੰਘ ਭਿੱਟੇਵੱਡ ਅਤੇ ਸ. ਗੁਰਬਚਨ ਸਿੰਘ ਕਰਮੂੰਵਾਲਾ ਨੇ ਸ਼ਮੂਲੀਅਤ ਕੀਤੀ। ਅਰਦਾਸ ਨਾਲ ਅਰੰਭ ਹੋਈ ਇਕੱਤਰਤਾ ਤੋਂ ਬਾਅਦ ਮੈਡੀਕਲ ਟਰੱਸਟ ਦੇ ਸਕੱਤਰ ਡਾ. ਰੂਪ ਸਿੰਘ ਨੇ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਨਾਲ-ਨਾਲ ਟਰੱਸਟ ਦੀਆਂ ਵੱਖ-ਵੱਖ ਸੰਸਥਾਵਾਂ ਦੀ ਵਰਤਮਾਨ ਸਥਿਤੀ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਇਕੱਤਰਤਾ ਵਿਚ ਫ਼ੈਸਲਾ ਕੀਤਾ ਗਿਆ ਕਿ ਟਰੱਸਟ ਦੀ ਪੰਜ ਸਾਲਾ ਯੋਜਨਾ ਬਣਾ ਕੇ ਮੈਡੀਕਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਉਂਤਬੰਦੀ ਕੀਤੀ ਜਾਵੇਗੀ। ਟਰੱਸਟ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਬਿਨਾ ਸ਼ੱਕ ਸ਼੍ਰੋਮਣੀ ਕਮੇਟੀ ਦੀਆਂ ਸਿਹਤ ਸੰਸਥਾਵਾਂ ਦੇਸ਼ ਦੀਆਂ ਮੋਹਰੀ ਸੰਸਥਾਵਾਂ ਵਿਚ ਸ਼ੁਮਾਰ ਹਨ ਅਤੇ ਇਨ੍ਹਾਂ ਨੂੰ ਹੋਰ ਵਧੀਆ ਬਣਾਉਣ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਸਬੰਧੀ ਰਾਏ ਦੇਣ ਲਈ ਸ਼੍ਰੋਮਣੀ ਕਮੇਟੀ ਦੀ ਇਕ ਮੈਡੀਕਲ ਸਲਾਹਕਾਰ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਕਮੇਟੀ ਵਿਚ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ: ਤਲਵਾੜ ਦੀ ਅਗਵਾਈ ਵਿਚ ਕੰਮ ਕਰੇਗੀ, ਜਿਸ ਵਿਚ ਡਾ: ਗੁਰਪ੍ਰੀਤ ਸਿੰਘ ਵਾਂਡਰ, ਡਾ: ਹਰਦਾਸ ਸਿੰਘ, ਡਾ: ਸੁਧੀਰ ਵਰਮਾ ਪਟਿਆਲਾ, ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਟਰੱਸਟ ਦੇ ਸਕੱਤਰ ਕੋਆਰਡੀਨੇਟਰ ਵਜੋਂ ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਦਿੱਤੀ ਰਾਏ ਨੂੰ ਅਮਲ ਵਿਚ ਲਿਆ ਕੇ ਸੰਸਥਾ ਦੀ ਬੇਹਤਰੀ ਲਈ ਕਾਰਜ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੈਡੀਕਲ ਟਰੱਸਟ ਅਧੀਨ ਚਲਦੀਆਂ ਸੰਸਥਾਵਾਂ ਦੇ ਵਿੱਤੀ ਕੰਟਰੋਲ ਲਈ ਲੇਖਾ ਅਧਿਕਾਰੀ ਨਿਯੁਕਤ ਕਰਨ ਅਤੇ ਲੋੜੀਂਦੀ ਮਸ਼ੀਨਰੀ ਖ਼ਰੀਦਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਡੀਕਲ ਟਰੱਸਟ ਦੇ ਅਧੀਨ ਚਲਦੀ ਯੂਨੀਵਰਸਿਟੀ ਲਈ ਵੱਖਰੀ ਇਮਾਰਤ ਦੀ ਉਸਾਰੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਕੱਤਰਤਾ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੁਲਵੰਤ ਸਿੰਘ ਦੇਦ, ਟਰੱਸਟ ਦੇ ਸਕੱਤਰ ਡਾ: ਰੂਪ ਸਿੰਘ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ: ਗੀਤਾ ਸ਼ਰਮਾ, ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ: ਕਵੀਪਾਲ ਸਿੰਘ, ਡਾ: ਏ.ਪੀ. ਸਿੰਘ ਆਦਿ ਹਾਜ਼ਰ ਸਨ।
ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਦੇ ਚਾਰ ਸੋ ਸਾਲਾ ਸਥਾਪਨਾ ਦਿਵਸ ਮੌਕੇ ੧੭ ਅਕਤੂਬਰ ੧੯੭੭ ਵਿਚ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਸ੍ਰੀ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ੧੯੯੨ ਵਿਚ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਸ੍ਰੀ ਅੰਮ੍ਰਿਤਸਰ ਹੋਂਦ ਵਿਚ ਆਇਆ ਸੀ। ਟਰੱਸਟ ਅਧੀਨ ਸਭ ਤੋਂ ਪਹਿਲਾ ੧੯੯੪ ਵਿਚ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਬਣਾਇਆ ਗਿਆ ਅਤੇ ੧੯੯੭ ਵਿਚ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦੀ ਸਥਾਪਨਾ ਹੋਈ। ਐਮ.ਬੀ.ਬੀ.ਐਸ. ਦੀਆਂ ੫੦ ਸੀਟਾਂ ਨਾਲ ਸ਼ੁਰੂ ਹੋਈ ਇਸ ਮੈਡੀਕਲ ਸੰਸਥਾ ਪਾਸ ਵਰਤਮਾਨ ਸਮੇਂ ੧੫੦ ਸੀਟਾਂ ਮੌਜੂਦ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅੰਦਰ ਐਮ.ਡੀ./ਐਮ.ਐਸ. ਦੀਆਂ ੭੯ ਸੀਟਾਂ ਹਨ। ਦੂਸਰੇ ਪਾਸੇ ਟਰੱਸਟ ਅਧੀਨ ਡੈਂਟਲ ਕਾਲਜ ਵਿਖੇ ਬੀ.ਡੀ.ਐਸ. ਦੀਆਂ ੬੦ ਸੀਟਾਂ ਅਤੇ ਵੱਖ-ਵੱਖ ਵਿਭਾਗਾਂ ਵਿਚ ਐਮ.ਡੀ.ਐਸ. ਦੀਆਂ ੧੮ ਸੀਟਾਂ ਹਨ।
ਟਰੱਸਟ ਅਧੀਨ ਇਸ ਸਮੇਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਡਿਸਪੈਂਸਰੀ ਗੁਰਦਾਸ ਨੰਗਲ (ਗੁਰਦਾਸਪੁਰ) ਸੱਤ ਸੰਸਥਾਵਾਂ ਚੱਲ ਰਹੀਆਂ ਹਨ। ਇੰਡੀਆ ਟੂਡੇ ਮੈਗਜ਼ੀਨ ਵੱਲੋਂ ਸਾਲ ੨੦੧੩-੨੦੧੪ ਵਿਚ ਸੰਸਥਾ ਨੂੰ ਭਾਰਤ ਦੇ ਮੈਡੀਕਲ ਕਾਲਜਾਂ ਵਿੱਚੋਂ ਦਸਵੇਂ ਸਥਾਨ ਦੇ ਦਰਸਾਇਆ ਗਿਆ ਹੈ। ਹਾਲ ਹੀ ਵਿਚ ਕਾਰਪੋਰੇਟ ਕੌਂਸਲ ਫਾਰ ਲੀਡਰਸ਼ਿਪ ਐਂਡ ਅਵੇਅਰਨੈਸ ਅਤੇ ਇਨਕਰੇਟੀਬਲ ਇੰਡੀਆ ਫਾਊਂਡੇਸ਼ਨ ਵੱਲੋਂ ਫੈਸਟ ਮੈਡੀਕਲ ਇਨੋਵੇਸ਼ਨ ਇੰਸਟੀਚਿਊਟ ਦਾ ਸਨਮਾਨ ਹਾਸਲ ਹੈ। ਸੰਸਥਾ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਜਨਨੀ ਭਲਾਈ ਸਕੀਮ ਅਧੀਨ ਹਸਪਤਾਲ ਵਿਖੇ ਨਾਰਮਲ ਡਲਿਵਰੀ ਅਤੇ ਸਜੇਰੀਅਨ ਮੁਫ਼ਤ ਕੀਤੇ ਜਾਂਦੇ ਹਨ ਅਤੇ ਲੜਕੀ ਪੈਦਾ ਹੋਣ ‘ਤੇ ਇਕ ਹਜ਼ਾਰ ਰੁਪਏ ਸ਼ਗਨ ਵੱਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਗਲਵਾੜਾ, ਯਤੀਮਖਾਨਾ, ਜੰਮੂ ਕਸ਼ਮੀਰ ਅਤੇ ਸੰਸਥਾ ਦੇ ਨਾਲ ਲਗਦੇ ਪਿੰਡਾਂ ਦੇ ਮਰੀਜ਼ਾਂ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ।