ਅੰਮ੍ਰਿਤਸਰ, 18 ਮਈ (     )- ਸਿੱਖ ਯੋਧਿਆਂ ਵੱਲੋਂ ਅਨੇਕਾਂ ਤਸੀਹੇ ਝੱਲ ਕੇ ਅਤੇ ਸ਼ਹਾਦਤਾਂ ਦੇ ਕੇ ਸਿਰਜਿਆ ਇਤਿਹਾਸ ਸਾਡਾ ਸਰਮਾਇਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਭਾਰਤ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਨੂੰ ਮੁੜ ਉਭਾਰਨ ਲਈ ਦ੍ਰਿੜ੍ਹ ਸੰਕਲਪ ਹੈ। ਇਹ ਸ਼ਬਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਵਿਖੇ ਭੇਜੇ ਵਫਦ ਵੱਲੋਂ ਰਿਪੋਰਟ ਮਿਲਣ ਉਪਰੰਤ ਪ੍ਰੈਸ ਬਿਆਨ ਰਾਹੀਂ ਕਹੇ। ਪ੍ਰੋ: ਬਡੂੰਗਰ ਵੱਲੋਂ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿਚ ਦ੍ਰਿਸ਼ਟਮਾਨ ਕੀਤੇ ਇਤਿਹਾਸ ਵਿਚੋਂ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰਕੇ ਦਿਖਾਉਣ ਦੇ ਮਾਮਲੇ ਸਬੰਧੀ ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਇੱਕ ਵਫਦ ਉਥੇ ਭੇਜਿਆ ਗਿਆ ਸੀ, ਜਿਸ ਨੇ ਆਪਣੀ ਮੁਕੰਮਲ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਖਾਸਕਰ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗ਼ੈਰ ਅੱਗੇ ਹੋ ਕੇ ਲੜਾਈ ਲੜੀ ਸੀ। ਉਸ ਸੰਘਰਸ਼ ਵਿਚ ਹੋਈਆਂ ਅਨੇਕਾਂ ਸ਼ਹਾਦਤਾਂ ਜਿਥੇ ਸਾਡੀ ਤਵਾਰੀਖ ਦਾ ਹਿੱਸਾ ਹਨ, ਉਥੇ ਹੀ ਸਜ਼ਾਵਾਂ ਕੱਟਣ ਵਾਲਿਆਂ ਵਿਚ ਬਹੁ-ਗਿਣਤੀ ਸਿੱਖ ਤੇ ਪੰਜਾਬੀ ਸਨ। ਉਨ੍ਹਾਂ ਕਿਹਾ ਕਿ ਕਾਲੇਪਾਣੀ ਵਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਵਿਚ ਅਤਿਅੰਤ ਤਸੀਹੇ ਝੱਲਣ ਵਾਲਿਆਂ ਵਿਚ ਵੀ ਸਿੱਖਾਂ ਦੀ ਸ਼ਮੂਲੀਅਤ ਆਜ਼ਾਦੀ ਦੇ ਇਤਿਹਾਸ ਦਾ ਸੱਚ ਹੈ ਜਿਸਨੂੰ ਦਬਾਇਆ ਨਹੀਂ ਜਾ ਸਕਦਾ। ਪ੍ਰੋ: ਬਡੂੰਗਰ ਨੇ ਕਿਹਾ ਕਿ ਸਥਾਨਕ ਜੇਲ੍ਹ ਦੇ ਮਿਊਜ਼ੀਅਮ ਵਿਚ ਦਿਖਾਏ ਜਾਂਦੇ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਦੇ ਨਾਲ-ਨਾਲ ਜੇਲ੍ਹ ਦੀਆਂ ਗੈਲਰੀਆਂ ਵਿਚੋਂ ਸਿੱਖਾਂ ਦਾ ਇਤਿਹਾਸ ਖਤਮ ਕਰਨ ਦਾ ਯਤਨ ਮੰਦਭਾਗਾ ਹੋਣ ਦੇ ਨਾਲ ਹੀ ਰਾਸ਼ਟਰੀ ਸਰੋਕਾਰਾਂ ਦੇ ਵਿਰੁੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨਾਲ ਸਿੱਖਾਂ ਦੀਆਂ ਦੇਸ਼ ਅਤੇ ਕੌਮ ਹਿੱਤਕਾਰੀ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੋਵੇ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪ੍ਰਾਪਤ ਰਿਪੋਰਟ ਸਬੰਧੀ ਆਖਿਆ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਅੰਡੇਮਾਨ ਨਿਕੋਬਾਰ ਦੇ ਗਵਰਨਰ ਜਨਰਲ ਡਾ. ਜਗਦੀਸ਼ ਮੁਖੀ ਨੇ ਮਾਮਲੇ ਦੇ ਹੱਲ ਸਬੰਧੀ ਭਰੋਸਾ ਦਿੱਤਾ ਹੈ ਅਤੇ ਸਥਾਨਕ ਤਿੰਨ ਸੜਕਾਂ ਦੇ ਨਾਂਅ ਵੀ ਸਿੱਖਾਂ/ਪੰਜਾਬੀਆਂ ਦੇ ਨਾਂਅ ‘ਤੇ ਰੱਖਣ ਦੀ ਗੱਲ ਕਹੀ ਪਰ ਫਿਰ ਵੀ ਰਿਪੋਰਟ ਨੂੰ ਘੋਖਣ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਪੰਜਾਬੀ ਯੂਨੀਵਰਸਿਟੀ ਦੇ ਡਾ. ਪਰਮਵੀਰ ਸਿੰਘ, ਐਡੀ: ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਤੇ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸਿੱਖਿਆ ਸ. ਸਿਮਰਜੀਤ ਸਿੰਘ, ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉਭਾ, ਤੇ ਡਾ. ਗੁਰਬੀਰ ਸਿੰਘ ਹਾਜ਼ਰ ਸਨ।